ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਸਪਸ਼ਟ ਕੀਤਾ ਹੈ ਕਿ ਪਾਰਟੀ ਨੇਤਾਵਾਂ ਵੱਲੋਂ ਅਣਜਾਣੇ ਵਿੱਚ ਬੋਲੇ ਗਏ ਸ਼ਬਦਾਂ ਤੇ ਯੂਥ ਮੈਨੀਫੈਸਟੋ ਦੇ ਕਵਰ ਡਿਜਾਇਨ ਬਾਰੇ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗੀ ਹੈ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਤੇ ਪਾਰਟੀ ਦੇ ਲੀਗਲ ਸੈੱਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ ਨੇ ਆਖਿਆ ਕਿ ਪਾਰਟੀ ਦੇ ਆਗੂਆਂ ਨੇ ਮੁਆਫੀ ਬਾਦਲ ਪਰਿਵਾਰ ਕੋਲੋਂ ਨਹੀਂ ਸਗੋਂ ਸਮੁੱਚੀ ਸਿੱਖ ਕੌਮ ਕੋਲੋਂ ਮੰਗੀ ਹੈ। ਇਸ ਲਈ ਅਕਾਲੀ ਦਲ ਕੋਲ ਮਾਫੀ ਰੱਦ ਕਰਨ ਦਾ ਕੋਈ ਅਖਤਿਆਰ ਨਹੀਂ ਹੈ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਖਹਿਰਾ ਤੇ ਸ਼ੇਰਗਿੱਲ ਨੇ ਕਿਹਾ ਕਿ ਸਿੱਖ ਸੰਗਤ ਭੁੱਲਾਂ ਨੂੰ ਬਖਸ਼ਣ ਲਈ ਜਾਣੀ ਜਾਂਦੀ ਹੈ। ਉਨਾਂ ਨੇ ਕਿਹਾ ਕਿ ਬਾਦਲ ਹੁਣ ਇਸ ਧਾਰਮਿਕ ਮੁੱਦੇ 'ਤੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਹਨ। ਖਹਿਰਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਨੇਤਾ ਜੋ ਖੁਦ ਨੂੰ ਕਿਸੇ ਹੋਰ ਪਾਰਟੀ ਦੇ ਨੇਤਾਵਾਂ ਜਾਂ ਵਿਅਕਤੀ ਨਾਲੋਂ ਵੱਧ ਪੰਥਕ ਸਮਝਦੇ ਹਨ, ਨੇ ਹੀ ਸਿੱਖ ਅਦਾਰਿਆਂ ਦਾ ਰਾਜਨੀਤੀਕਰਨ ਕਰਕੇ ਉਨ੍ਹਾਂ ਦੇ ਮਾਣ-ਸਨਮਾਣ ਨੂੰ ਠੇਸ ਪਹੁੰਚਾਈ ਹੈ।
ਅਕਾਲੀ ਦਲ ਨੇ ਪਿਛਲੇ ਸਾਢੇ 9 ਸਾਲਾਂ ਦੇ ਰਾਜ ਦੌਰਾਨ ਅਨੇਕਾਂ ਵਾਰ ਸਿੱਖਾਂ ਦੀਆਂ ਧਾਰਮਿਕ ਭਾਵਨਵਾਂ ਦੀ ਤੌਹੀਨ ਕੀਤੀ ਹੈ ਤੇ ਕਦੇ ਵੀ ਇਸ ਲਈ ਮੁਆਫੀ ਨਹੀਂ ਮੰਗੀ। ਖਹਿਰਾ ਨੇ ਕਿਹਾ ਕਿ 2013 ਦੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਚੋਣ ਮਨੋਰਥ ਪੱਤਰ ਉੱਤੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦੀ ਫੋਟੋ ਦੇ ਨਾਲ ਆਪਣਾ ਚੋਣ ਨਿਸ਼ਾਨ ਬਾਲਟੀ ਚਿਪਕਾਇਆ ਸੀ। ਇਸ ਲਈ ਵੀ ਨਾ ਤਾਂ ਅਕਾਲੀ ਦਲ ਤੇ ਨਾ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਸੰਗਤ ਤੋਂ ਮੁਆਫੀ ਮੰਗਣੀ ਜਰੂਰੀ ਸਮਝੀ ਹੈ।