ਅੰਮ੍ਰਿਤਸਰ: ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਸਾਰੇ ਗਰਮ ਖਿਆਲੀ ਧੜਿਆਂ ਨਾਲ ਸਬੰਧ ਹਨ। ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਸਮੇਤ ਸਾਰੇ ਗਰਮ ਖਿਆਲੀ ਆਗੂ ਆਮ ਆਦਮੀ ਪਾਰਟੀ ਦੇ ਨਾਲ ਹਨ। ਉਨ੍ਹਾਂ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰਾਂ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਜਨਤਾ ਉਹਨਾਂ ਨੂੰ ਨਕਾਰ ਚੁੱਕੀ ਹੈ ਅਤੇ ਸਮੇਂ 'ਚ ਲੋਕ ਇਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣਗੇ। ਉਨ੍ਹਾਂ ਨਵਜੋਤ ਸਿੱਧੂ ਬਾਰੇ ਪੁੱਛੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਇਸ ਬਾਰੇ ਕੋਈ ਵੀ ਟਿੱਪਣੀ ਨਹੀਂ ਕਰਨਗੇ।

 
ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਉਮੀਦਵਾਰਾਂ ਦੀ ਸੂਚੀ ਦੇ ਐਲਾਨ ਬਾਰੇ ਉਹਨਾਂ ਕਿਹਾ ਕਿ ਉਹਨਾਂ ਵਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ. ਇਹ ਸੂਚੀ ਕਿਸੇ ਸਮਾਗਮ ਵਿੱਚ ਨਹੀਂ ਜਾਰੀ ਕੀਤੀ ਗਈ ਬਲਕਿ ਲੋਕਾਂ ਦੇ ਕੰਨ ਵਿੱਚ ਦੱਸੀ ਗਈ ਹੈ.ਉਹਨਾਂ ਕਿਹਾ ਕਿ ਜੇਕਰ ਤੁਸੀਂ ਉਮੀਦਵਾਰਾਂ ਬਾਰੇ ਜਾਣਕਾਰੀ
ਲੈਣਾ ਚਾਹੁੰਦੇ ਹੋ ਤਾਂ ਲੋਕਾਂ ਕੋਲੋਂ ਪੁੱਛ ਸਕਦੇ ਹੋ।

 
ਭਗਵੰਤ ਮਾਨ ਵੱਲੋਂ ਸੰਸਦ ਭਾਵਨ ਦੀ ਵੀਡੀਓ ਫੇਸਬੁੱਕ ਤੇ ਪਾਏ ਜਾਣ ਦੇ ਮਾਮਲੇ ਤੇ ਸੁਖਬੀਰ ਨੇ ਕਿਹਾ ਕਿ  ਭਗਵੰਤ ਮਾਨ ਬਹੁਤ ਹੀ ਗ਼ਲਤ ਕੰਮ ਕੀਤਾ ਹੈ ਅਤੇ ਸੁਰੱਖਿਆ ਇੰਤਜ਼ਾਮਾਂ ਤੇ ਵੀ ਕਈ ਸਵਾਲ ਖੜ੍ਹੇ ਕੀਤੇ ਹਨ।  ਉਨ੍ਹਾਂ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ
ਅਤੇ ਉਸਦੇ ਨੇਤਾਵਾਂ ਨੂੰ ਕਿਸੇ ਵੀ ਕਾਨੂੰਨ ਕਾਇਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਆਮ ਆਦਮੀ ਦੀ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ  ਭੂਮਿਕਾ ਨੂੰ ਲੈਕੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਲਈ ਬਹੁਤ ਵਧੀਆ ਗੱਲ ਹੈ ਕਿ ਜਿੰਨੇ ਵੀ ਇਨ੍ਹਾਂ ਪਾਰਟੀਆਂ ਦੇ ਨੇਤਾ ਚੋਣਾਂ ਦੌਰਾਨ ਬਗਾਵਤ ਕਰਨਗੇ ਉਸਦਾ ਸਿੱਧਾ ਲਾਭ ਅਕਾਲੀ ਦਲ ਨੂੰ ਹੀ ਮਿਲੇਗਾ।

 
ਸੁਖਬੀਰ ਨੇ ਕਿਹਾ ਕੇ ਪੰਜਾਬ ਵਿੱਚ ਹੋਣ ਵਾਲੀ ਪੰਜਾਬ ਪੁਲਿਸ ਦੀ ਭਰਤੀ ਦੌਰਾਨ ਸਾਰੇ ਨੌਜਵਾਨਾਂ ਦੇ ਡੋਪ ਟੈਸਟ ਕੀਤੇ ਜਾਣਗੇ ਅਤੇ ਇਸ ਤੋਂ ਬਾਅਦ ਇਹ ਸਾਬਿਤ ਹੋ ਜਾਵੇਗਾ ਕੇ ਪੰਜਾਬ ਦੇ ਨੌਜਵਾਨ ਨਸ਼ੇੜੀ ਨਹੀਂ  ਹੈ ਅਤੇ ਰਾਜਨੀਤਿਕ ਪਾਰਟੀਆਂ ਵਲੋਂ ਪੰਜਾਬ ਨੂੰ ਜਾਣ-ਬੁਝ ਕੇ ਬਦਨਾਮ ਕਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ
ਜਾ ਰਹੀਆਂ ਹਨ।