ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੀ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਵਾਰ ਨੂੰ ਵੱਖਰੇ-ਵੱਖਰੇ ਕੰਮ ਰੋਕੋ ਪ੍ਰਸਤਾਵ ਲੈ ਕੇ ਆਏ, ਜਿਸ ਨੂੰ ਸਪੀਕਰ ਨੇ ਰੱਦ ਕਰ ਦਿੱਤਾ। ਇਸ ਤੋਂ ਬਾਅਦ ਅਕਾਲੀ ਦਲ ਤੇ ਬੀਜੇਪੀ ਦੇ ਵਿਧਾਇਕ ਨਾਅਰੇਬਾਜ਼ੀ ਕਰਦੇ ਹੋਏ ਵੈਲ 'ਚ ਆ ਗਏ।
ਅਕਾਲੀ ਦਲ ਨੇ ਕਿਹਾ ਕਿ ਸਪੀਕਰ ਦੇ ਦਫ਼ਤਰ ਵਿੱਚ ਸਵੇਰੇ 8.05 ਵਜੇ ਪ੍ਰਸਤਾਵ ਦੇ ਦਿੱਤਾ ਸੀ ਪਰ ਉੱਧਰ, ਸਪੀਕਰ ਨੇ ਕਿਹਾ ਕਿ ਨਿਯਮਾਂ ਮੁਤਾਬਕ ਸੈਸ਼ਨ ਦੀ ਸ਼ੁਰੂਆਤ ਤੋਂ 2 ਘੰਟੇ ਪਹਿਲਾਂ ਪ੍ਰਸਤਾਵ ਦੇਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਬੈਠਕ ਸਵੇਰੇ 11 ਵਜੇ ਤੋਂ ਸ਼ੁਰੂ ਹੋਈ ਸੀ।
ਇਸ ਤੋਂ ਇਲਾਵਾ ਅਕਾਲੀ ਦਲ ਨੇ ਬੇਅਦਬੀ ਦੇ ਮੁੱਦੇ 'ਤੇ ਵਾਕਆਊਟ ਕੀਤਾ। ਅਕਾਲੀਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਬੇਅਦਬੀ ਦੇ ਮੁੱਦੇ 'ਤੇ ਬਹਿਸ ਕਰਨ ਤੋਂ ਭੱਜ ਰਹੀ ਹੈ। ਇਸ ਦੇ ਨਾਲ ਹੀ ਕਿਹਾ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਸੁਪਰੀਮ ਕੋਰਟ ਦੀ ਦੇਖਰੇਖ 'ਚ ਹੋਣੀ ਚਾਹੀਦੀ ਹੈ। ਕੰਮ ਰੋਕੂ ਮਤਾ ਰੱਦ ਕੀਤੇ ਜਾਣ ਤੋਂ ਬਾਅਦ ਅਕਾਲੀਆਂ ਨੇ ਵਾਕ ਆਊਟ ਕੀਤਾ। ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸ ਤੇ 'ਆਪ' ਫਿਕਸਡ ਮੈਚ ਖੇਡ ਰਹੀਆਂ ਹਨ।
ਅਕਾਲੀ ਦਲ ਦੇ ਵਿਧਾਇਕਾਂ ਦੇ ਹੰਗਾਮੇ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਨੇ ਅਕਾਲੀ ਦਲ 'ਤੇ ਹਮਲਾ ਬੋਲਿਆ। ਇਸ ਨਾਲ 'ਆਪ' ਤੇ ਅਕਾਲੀ ਵਿਧਾਇਕ ਆਪਸ 'ਚ ਉਲਝ ਗਏ। 'ਆਪ' ਵੀ ਕੰਮ ਰੋਕੂ ਮਤਾ ਲੈ ਕੇ ਆ ਗਈ, ਜਿਸ ਨੂੰ ਰੱਦ ਕਰਨ ਤੋਂ ਬਾਅਦ, ਉਸ ਦੇ 10 ਵਿਧਾਇਕ ਵੈਲ ਵਿੱਚ ਆ ਗਏ। ਜਿਉਂ ਹੀ 'ਆਪ' ਵਿਧਾਇਕ ਵੈਲ 'ਚ ਪਹੁੰਚੇ, ਕੰਵਰ ਸੰਧੂ ਤੇ ਪਿਰਾਮਲ ਸਿੰਘ ਸਦਨ ਤੋਂ ਬਾਹਰ ਚਲੇ ਗਏ। ਇਸ ਤੋਂ ਬਾਅਦ ‘ਆਪ’ ਨੇ ਵਾਕਆਊਟ ਕਰ ਦਿੱਤਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਆਬਕਾਰੀ (ਸੋਧ) ਬਿੱਲ 2019 ਪੇਸ਼ ਕੀਤਾ। ਵਿਰੋਧੀ ਧਿਰ ਦੀ ਗੈਰ ਹਾਜ਼ਰੀ ਵਿੱਚ, ਇਸ ਬਿੱਲ ਨੂੰ ਬਹਿਸ ਕੀਤੇ ਬਗੈਰ ਹੀ ਪਾਸ ਕਰ ਦਿੱਤਾ ਗਿਆ। ਸਦਨ ਵਿੱਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਨੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਬਿੱਲ ਪੇਸ਼ ਕੀਤਾ। ਇਸ ਨੂੰ ਵੀ ਬਿਨਾਂ ਬਹਿਸ ਦੇ ਪਾਸ ਕਰ ਦਿੱਤਾ ਗਿਆ।