ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਕਲੀਨਿਕ ਸਕੀਮ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ। ਕੰਗ ਨੇ ਕਿਹਾ ਕਿ ਅਸੀਂ ਆਮ ਆਦਮੀ ਕਲੀਨਿਕਾਂ ਦੇ ਖਿਲਾਫ ਕਾਂਗਰਸ ਵੱਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਦੀ ਨਿੰਦਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਸਿਰਫ਼ 3 ਦਿਨਾਂ ਵਿੱਚ 10192 ਮਰੀਜ਼ਾਂ ਨੇ ਸਾਡੇ 100 ਕਲੀਨਿਕਾਂ ਵਿੱਚ ਇਲਾਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ 41 ਸਿਹਤ ਪੈਕੇਜ, 100 ਡਾਇਗਨੌਸਟਿਕ ਟੈਸਟ, ਦਵਾਈਆਂ ਤੇ ਸਲਾਹ ਬਿਲਕੁਲ ਮੁਫ਼ਤ ਹਨ।
ਦਰਅਸਲ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਬੀਤੇ ਕੱਲ੍ਹ ਪੰਜਾਬ ਸਰਕਾਰ ‘ਤੇ ਨਿਸ਼ਾਨਾ ਬੋਲਿਆ ਸੀ। ਉਨ੍ਹਾਂ ਟਵੀਟ ਕਰ ਲਿਖਿਆ ਸੀ ਕਿ ਪੰਜਾਬ ਦੇ ਮੁਹੱਲਾ ਕਲੀਨਿਕ ਦੇ ਢੋਂਗ ਤੋਂ ਅਗਲੇ ਦਿਨ ਹੀ ਪਰਦਾ ਉਠ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ 100 ਟੈਸਟਾਂ ਦੀ ਗੱਲ ਕਰ ਰਹੇ ਸਨ ਪਰ ਇਹ ਝੂਠ ਨਿਕਲਿਆ, ਸਿਰਫ 41 ਟੈਸਟਾਂ ਦੀ ਸੂਚੀ ਹੈ, ਜਿਨ੍ਹਾਂ ਵਿੱਚੋਂ ਇੱਕ ਵੀ ਨਹੀਂ ਹੋ ਰਿਹਾ।
ਇਸ ਦੇ ਨਾਲ ਹੀ ਇਕ ਅਖਬਾਰ ਦੀ ਖਬਰ ਦਾ ਹਵਾਲਾ ਦਿੰਦੇ ਹੋਏ ਪਰਗਟ ਸਿੰਘ ਨੇ ਪੰਜਾਬ ਸਰਕਾਰ ‘ਤੇ ਹਮਲਾ ਬੋਲਿਆ ਹੈ, ਜਿਸ ‘ਚ ਇਹ ਵੀ ਲਿਖਿਆ ਗਿਆ ਹੈ ਕਿ ਸੰਗਰੂਰ ‘ਚ ਖੋਲ੍ਹੇ ਗਏ ਇਹਨਾਂ ਮੁਹੱਲਾ ਕਲੀਨਿਕਾਂ ‘ਚੋਂ ਕਈਆਂ ‘ਚ ਮਰੀਜ਼ਾਂ ਦਾ ਬੁਖਾਰ ਚੈੱਕ ਕਰਨ ਲਈ ਥਰਮਾਮੀਟਰ ਤੱਕ ਨਹੀਂ। ਮਰੀਜ਼ਾਂ ਦੇ ਬੁਖਾਰ ਦੀ ਜਾਂਚ ਅਤੇ ਲੈਬ ਟੈਸਟ ਪ੍ਰਾਈਵੇਟ ਲੈਬਾਂ ਤੋਂ ਕਰਵਾਉਣ ਲਈ ਕਿਹਾ ਜਾ ਰਿਹਾ ਹੈ।
ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ 25 ਹੋਰ ‘ਆਮ ਆਦਮੀ ਕਲੀਨਿਕ’ ਤਿਆਰ ਹਨ। ਇਹ ਲੋਕ ਸੇਵਾ ਲਈ ਵੀ ਖੋਲ੍ਹੇ ਜਾਣਗੇ। ਕਲੀਨਿਕਾਂ ਵਿੱਚ 41 ਕਿਸਮਾਂ ਦੇ ਟੈਸਟ ਅਤੇ 75 ਕਿਸਮਾਂ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫ਼ਤ ਉਪਲਬਧ ਹੋਣਗੀਆਂ। ਇਹ ਕਲੀਨਿਕ ਰੋਜ਼ਾਨਾ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ। ਸਿਹਤ ਵਿਭਾਗ ਇਨ੍ਹਾਂ ਕਲੀਨਿਕਾਂ ਵਿੱਚ ਡਾਕਟਰ ਤੇ ਪੈਰਾ ਮੈਡੀਕਲ ਸਟਾਫ਼ ਤਾਇਨਾਤ ਕਰੇਗਾ।