ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਉਨ੍ਹਾਂ ਦਾ 10 ਸਾਲਾ ਸਾਸ਼ਨ ਯਾਦ ਕਰਵਾਇਆ ਹੈ। ਪਟਿਆਲਾ ਵਿੱਚ ਪ੍ਰਦਰਸ਼ਨ ਕਰ ਰਹੀਆਂ ਨਰਸਾਂ ਦੇ ਮੁੱਦੇ 'ਤੇ ਮਜੀਠੀਆ ਦੇ ਬਿਆ 'ਤੇ ਆਮ ਆਦਮੀ ਪਾਰਟੀ ਨੇ ਇਸ ਨੂੰ ਸੰਘਰਸ਼ਕਾਰੀਆਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਣ ਵਾਲਾ ਕਰਾਰ ਦਿੱਤਾ ਹੈ।


'ਆਪ' ਵੱਲੋਂ ਜਾਰੀ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮਜੀਠੀਆ ਪਹਿਲਾਂ ਆਪਣੀ 10 ਸਾਲ ਦੀ ਸਰਕਾਰ ਦੌਰਾਨ ਕੀਤੀਆਂ ਵਧੀਕੀਆਂ ਦਾ ਹਿਸਾਬ ਦੇਣ। ਉਨ੍ਹਾਂ ਕਿਹਾ ਕਿ ਨਰਸਾਂ, ਅਧਿਆਪਕਾਂ ਤੇ ਹੋਰ ਵਰਗਾਂ ਉੱਤੇ ਅੱਤਿਆਚਾਰ ਕਰਨ ਦੇ ਮਾਮਲੇ ਵਿੱਚ ਕਾਂਗਰਸੀ ਤੇ ਅਕਾਲੀ ਇੱਕੋ ਜਿਹੇ ਹਨ।

ਹੇਅਰ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਵੀ ਕਰਮਚਾਰੀਆਂ ਤੇ ਨੌਜਵਾਨਾਂ ਨਾਲ ਇਸ ਤਰ੍ਹਾਂ ਦਾ ਹੀ ਸਲੂਕ ਕੀਤਾ ਜਾਂਦਾ ਸੀ। ਫ਼ਰਕ ਸਿਰਫ਼ ਇੰਨਾ ਹੈ ਕਿ ਉਸ ਸਮੇਂ ਕਰਮਚਾਰੀ ਧਰਨੇ ਲਾਉਣ ਲਈ ਬਠਿੰਡਾ ਜਾਂਦੇ ਸਨ ਤੇ ਹੁਣ ਪਟਿਆਲਾ ਆਉਂਦੇ ਹਨ। ਮੀਤ ਹੇਅਰ ਨੇ ਕਿਹਾ ਕਿ ਮਜੀਠੀਆ ਯਾਦ ਕਰਨ ਕਿ ਅਕਾਲੀ ਸਰਕਾਰ ਸਮੇਂ ਕਿਸ ਤਰ੍ਹਾਂ ਕੈਬਨਿਟ ਮੰਤਰੀ ਸਿਕੰਦਰ ਮਲੂਕਾ ਨੇ ਮਹਿਲਾ ਅਧਿਆਪਕ ਨੂੰ ਥੱਪੜ ਮਾਰੇ ਸਨ। ਉਨ੍ਹਾਂ ਕਿਹਾ ਕਿ ਮਜੀਠੀਆ ਨਾ ਭੁੱਲਣ ਕਿ ਉਸ ਦੇ ਪਾਲੇ ਗੁੰਡਿਆਂ ਨੇ ਹੀ ਅੰਮ੍ਰਿਤਸਰ ਵਿੱਚ ਪੁਲਿਸ ਦੇ ਏਐਸਆਈ ਨੂੰ ਗੋਲੀਆਂ ਮਾਰ ਕੇ 'ਮਜੀਠੀਆ ਜ਼ਿੰਦਾਬਾਦ' ਦੇ ਨਾਅਰੇ ਲਾਏ ਸਨ।

ਹੇਅਰ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਹੀ ਮਜੀਠੀਆ ਦੀ ਸਰਪ੍ਰਸਤੀ 'ਚ ਨਸ਼ਾ, ਟਰਾਂਸਪੋਰਟ, ਰੇਤ ਤੇ ਹੋਰ ਮਾਫ਼ੀਆ ਤੇਜ਼ੀ ਨਾਲ ਫੈਲਿਆ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਸੂਬੇ ਦੇ ਲੋਕਾਂ ਦਾ ਸਭ ਤੋਂ ਵੱਡਾ ਗੁਨਾਹਗਾਰ ਹੈ ਤੇ ਚੋਣਾਂ ਨੇੜੇ ਦੇਖ ਕੇ ਫੋਕੀ ਹਮਦਰਦੀ ਵਿਖਾ ਕੇ ਨੌਜਵਾਨਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਤੋਂ ਗੁਰੇਜ਼ ਕਰੇ। ਉਨ੍ਹਾਂ ਕਿਹਾ ਕਿ ਮਜੀਠੀਆ ਵੱਲੋਂ ਸੂਬੇ ਦੇ ਸਾਰੇ ਸਰੋਤਾਂ ਉੱਤੇ ਕਬਜ਼ਾ ਕਰਨ ਦੇ ਕਾਰਨ ਹੀ ਨੌਜਵਾਨਾਂ ਅੱਜ ਬੇਰੁਜ਼ਗਾਰ ਹਨ।