Punjab News: ਪੰਜਾਬ ਤੋਂ ਆਮ ਆਦਮੀ ਪਾਰਟੀ (AAP) ਦੇ ਰਾਜ ਸਭਾ ਉਮੀਦਵਾਰ ਰਜਿੰਦਰ ਗੁਪਤਾ ਨੇ ਆਪਣੀ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਸਭਾ ਛੱਡ ਕੇ ਮੰਤਰੀ ਬਣਨ ਵਾਲੇ ਸੰਜੀਵ ਅਰੋੜਾ ਵੀ ਮੌਜੂਦ ਸਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਜਿੰਦਰ ਗੁਪਤਾ ਦੇ ਕਾਰੋਬਾਰੀ ਅਤੇ ਸਮਾਜਿਕ ਕੰਮਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਗੁਪਤਾ ਰਾਜ ਸਭਾ ਵਿੱਚ ਪੰਜਾਬ ਦੀ ਆਵਾਜ਼ ਜ਼ਰੂਰ ਬੁਲੰਦ ਕਰਨਗੇ।

Continues below advertisement

ਪੰਜਾਬ ਵਿਧਾਨ ਸਭਾ ਵਿੱਚ ਬਹੁਮਤ ਨੂੰ ਦੇਖਦਿਆਂ ਹੋਇਆਂ ਰਜਿੰਦਰ ਗੁਪਤਾ ਦੀ ਜਿੱਤ ਯਕੀਨੀ ਹੈ। ਉਹ ਅਸ਼ੋਕ ਮਿੱਤਲ, ਸੰਜੀਵ ਅਰੋੜਾ ਅਤੇ ਵਿਕਰਮਜੀਤ ਸਾਹਨੀ ਤੋਂ ਬਾਅਦ ਰਾਜ ਸਭਾ ਵਿੱਚ ਪਹੁੰਚਣ ਵਾਲੇ ਪੰਜਾਬ ਵਿੱਚ 'ਆਪ' ਦੇ ਚੌਥੇ ਕਾਰੋਬਾਰੀ ਹੋਣਗੇ।

Continues below advertisement

ਪੰਜਾਬ ਵਿੱਚ ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 13 ਅਕਤੂਬਰ ਹੈ। 14 ਅਕਤੂਬਰ ਨੂੰ ਸਕੂਟ੍ਰਨੀ ਹੋਵੇਗੀ ਅਤੇ ਨਾਮਜ਼ਦਗੀਆਂ 16 ਅਕਤੂਬਰ ਤੱਕ ਵਾਪਸ ਲਈਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ 24 ਅਕਤੂਬਰ ਨੂੰ ਵੋਟਾਂ ਪੈਣਗੀਆਂ, ਜਿਸਦੀ ਗਿਣਤੀ ਉਸੇ ਸ਼ਾਮ ਨੂੰ ਹੋ ਜਾਵੇਗੀ। ਵਿਰੋਧੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਅਜੇ ਤੱਕ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਹੈ ਅਤੇ ਨਾ ਹੀ ਚੋਣ ਲੜਨ ਬਾਰੇ ਕੋਈ ਫੈਸਲਾ ਲਿਆ ਹੈ।

ਪੰਜਾਬ ਵਿੱਚ ਇਸ ਵੇਲੇ ਛੇ ਰਾਜ ਸਭਾ ਮੈਂਬਰ ਹਨ, ਜਿਹੜੇ ਸਾਰੇ 'ਆਮ ਆਦਮੀ ਪਾਰਟੀ' ਦੇ ਆਗੂ ਹਨ। ਇਨ੍ਹਾਂ ਵਿੱਚ ਕਾਰੋਬਾਰੀ ਵਿਕਰਮਜੀਤ ਸਿੰਘ ਸਾਹਨੀ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ, 'ਆਪ' ਆਗੂ ਰਾਘਵ ਚੱਢਾ ਅਤੇ ਸੰਦੀਪ ਪਾਠਕ, ਸਾਬਕਾ ਕ੍ਰਿਕਟਰ ਹਰਭਜਨ ਸਿੰਘ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੇ ਚਾਂਸਲਰ ਅਤੇ ਉਦਯੋਗਪਤੀ ਅਸ਼ੋਕ ਮਿੱਤਲ ਸ਼ਾਮਲ ਹਨ।

ਇਨ੍ਹਾਂ ਚੋਣਾਂ ਵਿੱਚ 'ਆਪ' ਦੀ ਜਿੱਤ ਯਕੀਨੀ ਹੈ। ਇਸ ਵੇਲੇ ਪੰਜਾਬ ਦੇ 117 ਵਿਧਾਇਕਾਂ ਵਿੱਚੋਂ 93 ਆਮ ਆਦਮੀ ਪਾਰਟੀ ਦੇ ਹਨ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਕੋਲ ਤਿੰਨ, ਕਾਂਗਰਸ ਕੋਲ 16, ਭਾਜਪਾ ਕੋਲ ਦੋ, ਬਹੁਜਨ ਸਮਾਜ ਪਾਰਟੀ ਕੋਲ ਇੱਕ ਅਤੇ ਇੱਕ ਆਜ਼ਾਦ ਵਿਧਾਇਕ ਹੈ। ਤਰਨਤਾਰਨ ਦੀ ਇੱਕ ਸੀਟ ਇਸ ਵੇਲੇ ਖਾਲੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।