ਚੰਡੀਗੜ੍ਹ: ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਦੇਣ ਅਤੇ ਫਿਰ ਵਾਪਸ ਲੈਣ ਦੇ ਹੁਕਮ ਦੇ ਕੇ ਕੈਪਟਨ ਸਰਕਾਰ ਚੁਫੇਰਿਓਂ ਘਿਰਦੀ ਜਾਪ ਰਹੀ ਹੈ। ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੇ 'ਆਪ' ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਵੱਡਾ ਵੈਕਸੀਨ ਘੁਟਾਲਾ ਕੀਤਾ ਹੈ। ਚੀਮਾ ਨੇ ਮੰਗ ਕੀਤੀ ਕਿ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਪੰਜਾਬ ਮੰਤਰੀ ਮੰਡਲ ਤੋਂ ਤੁਰੰਤ ਬਰਖ਼ਾਸਤ ਕੀਤਾ ਜਾਵੇ।


ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਨੇ ਬੇਸ਼ਰਮੀ ਨਾਲ ਲੋਕਾਂ ਨੂੰ ਮੁਫਤ ਵਿੱਚ ਲਗਾਏ ਜਾਣ ਵਾਲੇ ਟੀਕੇ ਨੂੰ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ ਚੋਖਾ ਮੁਨਾਫਾ ਕਮਾਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਰਾਜ ਸਰਕਾਰ ਦੇ ਕੋਟੇ ਦੀਆਂ ਕਰੀਬ 1 ਲੱਖ 40 ਹਜਾਰ ਖੁਰਾਕਾਂ 400 ਰੁਪਏ ਦੀ ਕੀਮਤ 'ਤੇ ਖਰੀਦੀਆਂ ਸਨ, ਪਰ ਕੈਪਟਨ ਸਰਕਾਰ ਨੇ ਇਹ ਖੁਰਾਕਾਂ 1060 ਰੁਪਏ ਦੀ ਕੀਮਤ 'ਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ ਕਰੋੜਾਂ ਦੀ ਕਮਾਈ ਕੀਤੀ ਹੈ।


ਸ਼ਨੀਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਮੁਸੀਬਤ ਸਮੇਂ ਆਪਣੇ ਸੂਬੇ ਦੇ ਲੋਕਾਂ ਦੀ ਹਰ ਪੱਖੋਂ ਮਦਦ ਕਰੇ, ਪਰ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕੋਰੋਨਾ ਮਹਾਮਾਰੀ ਦੀ ਮੁਸੀਬਤ ਨੂੰ ਵੀ ਪੰਜਾਬ ਵਾਸੀਆਂ ਨੂੰ ਲੁੱਟ ਕੇ ਪੈਸੇ ਇੱਕਠੇ ਕਰਨ ਵਜੋਂ ਵਰਤਿਆ ਹੈ।


ਚੀਮਾ ਨੇ ਦੋਸ਼ ਲਾਇਆ ਕਿ ਪੰਜਾਬ ਵਾਸੀਆਂ ਦੀ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ ਇੱਕਠੀ ਕੀਤੀ ਰਕਮ ਕੈਪਟਨ ਸਰਕਾਰ ਵੱਲੋਂ ਕਾਂਗਰਸੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਤੱਕ ਪਹੁੰਚਾਈ ਗਈ ਹੈ, ਇਸੇ ਲਈ ਕਾਂਗਰਸ ਹਾਈਕਮਾਂਡ ਨੇ ਵੈਕਸੀਨ ਮਾਮਲੇ 'ਤੇ ਚੁੱਪਧਾਰੀ ਰੱਖੀ ਹੈ। 'ਆਪ' ਆਗੂ ਨੇ ਇਹ ਵੀ ਕਿਹਾ ਕਿ ਕੈਪਟਨ ਸਰਕਾਰ ਵੈਕਸੀਨ ਘੁਟਾਲੇ ਕਾਰਨ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਦਾ ਸਕਿਾਰ ਹੋਏ ਪੰਜਾਬ ਦੇ ਲੋਕਾਂ ਨੂੰ ਪੈਸੇ ਤੁਰੰਤ ਵਾਪਸ ਕਰਵਾਏ।