ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਸੂਬੇ ਦੀਆਂ ਸਹਿਕਾਰੀ ਅਤੇ ਪ੍ਰਾਈਵੇਟ ਖੰਡ ਮਿੱਲਾਂ ਵੱਲ ਪਿਛਲੇ 2 ਸਾਲਾਂ ਤੋਂ ਬਕਾਇਆ ਖੜੀ ਅਰਬਾਂ ਰੁਪਏ ਦੀ ਰਕਮ ਵਿਆਜ ਸਮੇਤ ਦੇਣ ਦੀ ਮੰਗ ਕੀਤੀ ਹੈ।ਪਾਰਟੀ ਨੇ ਸਰਕਾਰ ਅਤੇ ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 10 ਦਿਨਾਂ ਦੇ ਅੰਦਰ-ਅੰਦਰ ਗੰਨਾ ਉਤਪਾਦਨ ਕਿਸਾਨਾਂ ਦੀ ਬਕਾਇਆ ਰਾਸ਼ੀ ਵਿਆਜ ਸਮੇਤ ਭੁਗਤਾਨ ਨਾ ਕੀਤੀ ਤਾਂ ਸਰਕਾਰ ਅਤੇ ਖੰਡ ਮਿੱਲਾਂ ਦੇ ਅਕਾਲੀ-ਕਾਂਗਰਸੀ ਮਾਲਕ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕਿਸਾਨਾਂ ਦਾ ਕਰੀਬ 750 ਕਰੋੜ ਰੁਪਏ ਦੇ ਗੰਨੇ ਦਾ ਬਕਾਇਆ ਸਰਕਾਰ ਦੀਆਂ ਸਹਿਕਾਰੀ ਅਤੇ ਪ੍ਰਾਈਵੇਟ ਖੰਡ ਮਿੱਲਾਂ ਵੱਲ ਪਿਛਲੇ ਲੰਮੇ ਸਮੇਂ ਤੋਂ ਬਕਾਇਆ ਖੜ੍ਹਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੌਕਡਾਊਨ ਦੌਰਾਨ ਸਾਰੇ ਵਰਗਾਂ ਵਾਂਗ ਗੰਨਾ ਉਤਪਾਦਕ ਆਪਣੀ ਅਗਲੀ ਫ਼ਸਲ ਦੀ ਬਿਜਾਈ ਅਤੇ ਸਾਂਭ-ਸੰਭਾਲ ਲਈ ਖ਼ੁਦ ਪੈਸੇ ਪੈਸੇ ਨੂੰ ਤਰਸ ਰਹੇ ਹਨ, ਜਦਕਿ ਇਨ੍ਹਾਂ ਕਿਸਾਨਾਂ ਦੀ ਖ਼ੂਨ-ਪਸੀਨੇ ਦੀ ਕਮਾਈ ਦੱਬ ਕੇ ਖੰਡ ਮਿੱਲ ਮਾਲਕ ਮੌਜਾਂ ਮਾਣ ਰਹੇ ਹਨ। ਚੀਮਾ ਨੇ ਕਿਹਾ ਕਿ ਪ੍ਰਾਈਵੇਟ ਖੰਡ ਮਿੱਲਾਂ ਦੇ ਕਾਂਗਰਸੀ ਅਤੇ ਅਕਾਲੀ ਮਾਲਕ ਤਾਂ ਆਪਣੇ ਅੰਨ੍ਹੇ ਮੁਨਾਫ਼ੇ ਲਈ ਕਿਸਾਨਾਂ ਦੇ ਹਿੱਤਾਂ ਨੂੰ ਕੁਚਲ ਹੀ ਰਹੇ ਹਨ, ਇਸ ਮਾਮਲੇ 'ਚ ਪੰਜਾਬ ਸਰਕਾਰ ਦੀਆਂ ਸਹਿਕਾਰੀ ਖੰਡ ਮਿੱਲਾਂ ਵੱਲ ਵੀ ਕਿਸਾਨਾਂ ਦਾ ਕਰੀਬ 300 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ। ਚੀਮਾ ਨੇ ਕਿਹਾ ਕਿ ਸਰਕਾਰ ਸਿੱਧੇ ਰੂਪ 'ਚ ਪ੍ਰਾਈਵੇਟ ਖੰਡ ਮਿਲ ਮਾਫ਼ੀਆ ਦੇ ਹੱਥਾਂ 'ਚ ਖੇਡ ਰਹੀ ਹੈ। ਪ੍ਰਾਈਵੇਟ ਖੰਡ ਮਿੱਲ ਮਾਲਕਾਂ 'ਤੇ ਦਬਾਅ ਨਾ ਪਵੇ ਇਸ ਲਈ ਸਹਿਕਾਰੀ ਖੰਡ ਮਿਲਾਂ ਦੇ ਬਕਾਏ ਸੋਚੀ ਸਮਝੀ ਸਾਜ਼ਿਸ਼ ਤਹਿਤ ਰੋਕੇ ਜਾ ਰਹੇ ਹਨ। ਸਹਿਕਾਰੀ ਖੰਡ ਮਿੱਲਾਂ ਵੱਲ ਖੜੀ ਕੁੱਲ ਬਕਾਇਆ ਰਾਸ਼ੀ 'ਚ 41 ਕਰੋੜ ਰੁਪਏ ਤਾਂ ਲਗਭਗ 2 ਸਾਲ ਪੁਰਾਣੇ ਹਨ। 'ਆਪ' ਆਗੂਆਂ ਨੇ ਮੰਗ ਕੀਤੀ ਕਿ ਇਹ ਬਕਾਇਆ ਰਾਸ਼ੀ 10 ਦਿਨਾਂ ਦੇ ਅੰਦਰ ਅੰਦਰ ਵਿਆਜ ਸਮੇਤ ਭੁਗਤਾਨ ਕੀਤੀ ਜਾਵੇ। ਇਹ ਵੀ ਪੜ੍ਹੋ: ਕੋਰੋਨਾਵਾਇਰਸ ਨਾਲ ਲੜਾਈ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਲੌਕਡਾਊਨ ਵਧਾਉਣ ਦੀ ਤਿਆਰੀ! ਅਮਿਤ ਸ਼ਾਹ ਵੱਲੋਂ ਮੁੱਖ ਮੰਤਰੀਆਂ ਨਾਲ ਚਰਚਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ