Haryana News: ਚੰਡੀਗੜ੍ਹ ਨੂੰ ਲੈ ਕੇ ਨਾ ਸਿਰਫ਼ ਪੰਜਾਬ ਤੇ ਹਰਿਆਣਾ ਵਿਚਾਲੇ ਵਿਵਾਦ ਖੜ੍ਹਾ ਹੋ ਗਿਆ ਹੈ, ਸਗੋਂ ਇਨ੍ਹਾਂ ਦੋਵਾਂ ਸੂਬਿਆਂ ਦੇ ਆਗੂ ਵੀ ਆਪਣੀ ਪਾਰਟੀ ਦੇ ਸਟੈਂਡ 'ਤੇ ਸਹਿਮਤ ਹੁੰਦੇ ਨਜ਼ਰ ਨਹੀਂ ਆ ਰਹੇ। ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੰਡੀਗੜ੍ਹ 'ਤੇ ਦਾਅਵੇਦਾਰੀ ਨੂੰ ਲੈ ਕੇ ਵਿਧਾਨ ਸਭਾ 'ਚ ਮਤਾ ਪਾਸ ਕੀਤਾ ਹੈ ਪਰ ਹੁਣ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਚੰਡੀਗੜ੍ਹ ਨੂੰ ਦੋ ਹਿੱਸਿਆਂ ਵਿੱਚ ਵੰਡਣ ਦੀ ਮੰਗ ਕੀਤੀ ਹੈ। ਸੁਸ਼ੀਲ ਗੁਪਤਾ ਨੇ ਕਿਹਾ ਕਿ ਕੇਂਦਰ ਸਰਕਾਰ ਦੋਵਾਂ ਰਾਜਾਂ ਨੂੰ 20-20 ਹਜ਼ਾਰ ਕਰੋੜ ਰੁਪਏ ਦੇਵੇ ਤਾਂ ਜੋ ਨਵੀਂ ਰਾਜਧਾਨੀ ਬਣਾਈ ਜਾ ਸਕੇ।



ਗੁਪਤਾ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਪਾਸ ਕੀਤੇ ਮਤੇ ਦਾ ਕੋਈ ਰਾਹ ਨਹੀਂ ਨਿਕਲਦਾ। ਉਨ੍ਹਾਂ ਕਿਹਾ, ''ਜੇਕਰ ਵਿਧਾਨ ਸਭਾ 'ਚ ਮਤਾ ਪਾਸ ਹੋ ਗਿਆ ਤਾਂ ਕੀ ਹੋਵੇਗਾ। ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਕੀ ਲੋੜ ਸੀ? ਰਾਜ ਸਰਕਾਰਾਂ ਨੂੰ ਕੇਂਦਰ ਕੋਲ ਜਾਣਾ ਚਾਹੀਦਾ ਹੈ। ਚੰਡੀਗੜ੍ਹ ਦਾ ਅੱਧਾ ਹਿੱਸਾ ਮੰਗਿਆ ਜਾਵੇ ਤੇ ਨਾਲ ਹੀ 20 ਹਜ਼ਾਰ ਕਰੋੜ ਰੁਪਏ ਦੀ ਮੰਗ ਕੀਤੀ ਜਾਵੇ।

ਸੁਸ਼ੀਲ ਗੁਪਤਾ ਨੇ ਇਹ ਵੀ ਦਾਅਵਾ ਕੀਤਾ ਕਿ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ। ਗੁਪਤਾ ਨੇ ਕਿਹਾ ਕਿ 2025 'ਚ ਜਦੋਂ ਦੋਵਾਂ ਸੂਬਿਆਂ 'ਚ 'ਆਪ' ਦੀ ਸਰਕਾਰ ਬਣੇਗੀ ਤਾਂ ਐਸਵਾਈਐਲ ਨਾਲ ਜੁੜਿਆ ਮਸਲਾ ਵੀ ਹੱਲ ਹੋ ਜਾਵੇਗਾ।

ਹਰਿਆਣਾ 'ਤੇ AAP ਦੀ ਨਜ਼ਰ  
ਗੁਪਤਾ ਨੇ ਕਿਹਾ, ''ਮੌਜੂਦਾ ਸਰਕਾਰ ਦਾ ਉਦੇਸ਼ ਐਸਵਾਈਐਲ ਦੇ ਮੁੱਦੇ ਨੂੰ ਹੱਲ ਕਰਨਾ ਨਹੀਂ ਹੈ। ਇਸ ਮੁੱਦੇ 'ਤੇ ਸਿਆਸਤ ਕੀਤੀ ਜਾ ਰਹੀ ਹੈ। ਜੇਕਰ ਦੋਵੇਂ ਰਾਜਾਂ ਦੀਆਂ ਸਰਕਾਰਾਂ ਇਕੱਠੇ ਹੋਣ ਤਾਂ ਇਹ ਮਸਲਾ ਹੱਲ ਹੋ ਸਕਦਾ ਹੈ ਪਰ ਸੀਐਮ ਖੱਟਰ ਅਜਿਹਾ ਨਹੀਂ ਕਰਨ ਜਾ ਰਹੇ ਹਨ।

ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਮਿਸ਼ਨ ਹਰਿਆਣਾ ਸ਼ੁਰੂ ਕੀਤਾ ਹੈ। ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈ ਕਿ ਉਹ ਭਾਜਪਾ ਅਤੇ ਕਾਂਗਰਸ ਦੇ ਬਦਲ ਵਜੋਂ ਆਪਣੇ ਆਪ ਨੂੰ ਪੇਸ਼ ਕਰੇ।