ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਮੰਗਲਵਾਰ ਨੂੰ ਖਬਰਵਾਲੇ ਡਾਟ ਕਾਮ ਤੇ ਪੀਟੀਸੀ ਨਿਊਜ਼ ਦੇ ਮਾਲਕ/ਐਡੀਟਰ ਤੇ ਮੈਨੇਜਮੈਂਟ ਖ਼ਿਲਾਫ਼ ਝੂਠੀ ਖ਼ਬਰ ਚਲਾਉਣ ਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੇ ਇਲਜ਼ਾਮ ਤਹਿਤ ਧਾਰਾ 66ਏ ਤੇ 67 ਅਧੀਨ ਮਾਮਲਾ ਦਰਜ ਕਰਵਾਇਆ। ਇਸ ਬਾਰੇ ਅੱਜ ਆਮ ਆਦਮੀ ਪਾਰਟੀ ਲੀਡਰਾਂ ਹਰਪਾਲ ਸਿੰਘ ਚੀਮਾ, ਪ੍ਰਿੰਸੀਪਲ ਬੁੱਧ ਰਾਮ, ਰੁਪਿੰਦਰ ਰੂਬੀ ਤੇ ਕੁਲਵੰਤ ਸਿੰਘ ਪੰਡੋਰੀ ਨੇ ਆਈਜੀ ਸਾਈਬਰ ਸੈੱਲ ਹਰਦਿਆਲ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਸ਼ਿਕਾਇਤ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਵੈੱਬਸਾਈਟ ਨੇ ਨਾ ਸਿਰਫ਼ ਆਮ ਆਦਮੀ ਪਾਰਟੀ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਬਲਕਿ ਉਨ੍ਹਾਂ ਵੱਲੋਂ ਚਲਾਈ ਗਈ ਖ਼ਬਰ ਝੂਠੀ ਤੇ ਬੇਬੁਨਿਆਦ ਸੀ। ਉਨ੍ਹਾਂ ਕਿਹਾ ਕਿ ਚੈਨਲ ਤੇ ਵੈੱਬਸਾਈਟ ਵੱਲੋਂ ਚਲਾਈ ਗਈ ਖ਼ਬਰ ਦਾ ਅਸਲ ਮਕਸਦ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨਾ ਤੇ ਲੋਕਾਂ ਦੇ ਮਨਾਂ ਵਿੱਚ ਪਾਰਟੀ ਸਬੰਧੀ ਸ਼ੰਕੇ ਪੈਦਾ ਕਰਨਾ ਸੀ।
ਚੀਮਾ ਨੇ ਕਿਹਾ ਕਿ ਵੈੱਬਸਾਈਟ ਤੇ ਚੈਨਲ ਵੱਲੋਂ ਚਲਾਈ ਗਈ ਖ਼ਬਰ ਨਾਲ ਆਮ ਆਦਮੀ ਪਾਰਟੀ ਦਾ ਦੂਰ-ਦੂਰ ਤੱਕ ਕੋਈ ਸਬੰਧ ਨਹੀਂ ਤੇ ਇਹ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਝੂਠੀ ਗੱਲਬਾਤ ਵਿੱਚ ਬਰਗਾੜੀ ਘਟਨਾ ਦਾ ਜ਼ਿਕਰ ਕਰਕੇ ਸਿੱਖ ਧਰਮ ਨਾਲ ਸਬੰਧਤ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਪੰਜਾਬ 'ਚ ਧਰਮ ਦੇ ਨਾਮ 'ਤੇ ਲੜਾਈ ਕਰਵਾਉਣ ਦੀ ਯਤਨ ਕੀਤਾ ਗਿਆ ਹੈ।
ਚੀਮਾ ਨੇ ਕਿਹਾ ਕਿ ਪਾਰਟੀ ਇਸ ਸਮੇਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ ਤੇ ਅਜਿਹੀ ਝੂਠੀ ਤੇ ਬੇਬੁਨਿਆਦ ਖ਼ਬਰ ਨਾਲ ਵੋਟਰਾਂ ਨੂੰ ਆਮ ਆਦਮੀ ਪਾਰਟੀ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਿਊਜ਼ ਚੈਨ ਤੇ ਵੈੱਬਸਾਈਟ ਵਿਰੋਧੀ ਪਾਰਟੀ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੀਆਂ ਹਨ ਤੇ ਆਮ ਆਦਮੀ ਪਾਰਟੀ ਦੁਆਰਾ ਲੋਕਾਂ ਦੇ ਹੱਕ ਤੇ ਸੱਚ ਲਈ ਬੁਲੰਦ ਕੀਤੀ ਜਾ ਰਹੀ ਆਵਾਜ਼ ਨੂੰ ਬੰਦ ਕਰਵਾਉਣ ਦਾ ਯਤਨ ਕੀਤਾ ਗਿਆ ਹੈ।