ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਸੰਮਨ ਮੈਨੂੰ ਨਹੀਂ ਮਿਲਿਆ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਸੰਮਨ ਮੈਨੂੰ ਮਿਲਿਆ ਹੀ ਨਹੀਂ ਤਾਂ, ਇਹ ਬਾਹਰ ਪਬਲਿਕ ਵਿੱਚ ਕਿਵੇਂ ਆਇਆ ਹੈ? 


ਉਂਝ ਉਨ੍ਹਾਂ ਕਿਹਾ ਕਿ ਜੇਕਰ ਸੰਮਨ ਜਾਰੀ ਕਰ ਵੀ ਦਿੱਤਾ ਹੈ ਤਾਂ ਕੋਈ ਗੱਲ ਨਹੀਂ। ਇਹ ਸਮੰਨ ਕੋਟਕਪੂਰਾ ਫਾਇਰਿੰਗ ਕੇਸ ਦਾ ਹੈ। ਫਾਇਰਿੰਗ ਦੇ ਆਰਡਰ ਐਸਡੀਐਮ ਨੇ ਦਿੱਤੇ ਸੀ। ਐਸਡੀਐਮ ਹੁਣ ਤਕ ਕਹਿ ਰਿਹਾ ਮੇਰੇ 'ਤੇ ਕੋਈ ਦਬਾਅ ਨਹੀਂ ਸੀ। ਉਨ੍ਹਾਂ ਕਿਹਾ ਕਿ ਸਿੱਟ ਸਾਹਮਣੇ ਪੇਸ਼ ਹੋਣ ਵਿੱਚ ਮੈਨੂੰ ਕੋਈ ਡਰ ਨਹੀਂ।


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਬੇਅਦਬੀ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਦੀ ਸਰਪ੍ਰਸਤੀ ਦਾ ਦੋਸ਼ ਲਗਾਉਂਦੇ ਹੋਏ, ਆਮ ਆਦਮੀ ਪਾਰਟੀ (ਆਪ) ਨੇ ਬਾਦਲ ਨੂੰ ਇਹਨਾਂ ਮਾਮਲਿਆਂ 'ਚ ਆਪਣੀ ਸ਼ਮੂਲੀਅਤ ਅਤੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨਾਲ ਉਹਨਾਂ ਦੇ ਸਬੰਧਾਂ ਬਾਰੇ ਸਪੱਸ਼ਟੀਕਰਨ ਦੇਣ ਦੀ ਚੁਣੌਤੀ ਦਿੱਤੀ। 


ਵੀਰਵਾਰ ਨੂੰ ਐਡਵੋਕੇਟ ਰਵਿੰਦਰ ਸਿੰਘ ਅਤੇ ਆਰਪੀਐਸ ਮਲਹੋਤਰਾ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 'ਆਪ' ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ 2015 ਦੇ ਕੋਟਕਪੂਰਾ ਗੋਲੀਬਾਰੀ ਮਾਮਲੇ ਵਿੱਚ ਚੱਲ ਰਹੀ ਜਾਂਚ 'ਚ ਸੁਖਬੀਰ ਬਾਦਲ ਦਾ ਨਾਮ ਆ ਰਿਹਾ ਹੈ, ਇਸ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਵਿੱਚ ਪੁੱਛਗਿੱਛ ਲਈ 30 ਅਗਸਤ ਨੂੰ ਤਲਬ ਕੀਤਾ ਹੈ। 


ਕੰਗ ਨੇ ਕਿਹਾ, “ਸਿਟ ਦੇ ਸੰਮਨ ਤੋਂ ਬਾਅਦ ਅਸੀਂ ਉਮੀਦ ਕਰਦੇ ਹਾਂ ਕਿ ਸੁਖਬੀਰ ਬਾਦਲ ਸਪੱਸ਼ਟ ਕਰਨਗੇ ਕਿ ਸ਼ਾਂਤਮਈ ਸਿੱਖ ਪ੍ਰਦਰਸ਼ਨਕਾਰੀਆਂ 'ਤੇ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਸੀ ਅਤੇ ਕਿਸ ਨੇ ਡੇਰਾ ਮੁਖੀ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ ਅਤੇ ਉਸ ਦੀਆਂ ਫਿਲਮਾਂ ਦਾ ਪੰਜਾਬ ਵਿੱਚ ਪ੍ਰਚਾਰ ਵੀ ਕੀਤਾ ਸੀ। ਪੰਜਾਬ ਦੇ ਲੋਕ ਬਾਦਲਾਂ ਨੂੰ ਉਨ੍ਹਾਂ ਦੇ ਗੁਨਾਹਾਂ ਲਈ ਕਦੇ ਮੁਆਫ ਨਹੀਂ ਕਰਨਗੇ।"


ਉਨ੍ਹਾਂ ਸੁਖਬੀਰ ਬਾਦਲ ਵੱਲੋਂ ਲਾਏ ਗਏ ਸ਼ਰਾਬ ਨੀਤੀ ਵਿੱਚ ਬੇਨਿਯਮੀਆਂ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਦਹਾਕਿਆਂ ਤੋਂ ਪੰਜਾਬ ਨੂੰ ਲੁੱਟਿਆ ਹੈ, ਜਿਸ ਕਰਕੇ ਪੰਜਾਬ ਦੇ ਲੋਕਾਂ ਨੇ ਵੀ ਇਨ੍ਹਾਂ ਨੂੰ ਨਕਾਰ ਦਿੱਤਾ ਹੈ।


ਕੰਗ ਨੇ ਕਿਹਾ ਕਿ ਇਨ੍ਹਾਂ ਨੇ ਟਰਾਂਸਪੋਰਟ ਮਾਫੀਆ, ਡਰੱਗ ਮਾਫੀਆ, ਕੇਬਲ ਮਾਫੀਆ ਅਤੇ ਮਾਈਨਿੰਗ ਮਾਫੀਆ ਨੂੰ ਸਰਪ੍ਰਸਤੀ ਦਿੱਤੀ ਅਤੇ ਇਹਨਾਂ ਦੀਆਂ ਨਾਪਾਕ ਨੀਤੀਆਂ ਕਾਰਨ ਹੀ ਅੱਜ ਪੰਜਾਬ ਭਾਰੀ ਕਰਜ਼ੇ ਦੇ ਬੋਝ ਹੇਠ ਡੁੱਬਿਆ ਹੋਇਆ ਹੈ।


ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕੰਗ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ ਅਤੇ ਆਪਣਾ ਨਿੱਜੀ ਖਜ਼ਾਨਾ ਭਰਿਆ। ਉਨ੍ਹਾਂ ਕਿਹਾ ਕਿ ਦੋਵਾਂ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪੁਲਿਸ ਗੋਲੀਬਾਰੀ ਦੇ ਦੋਸ਼ੀਆਂ ਨੂੰ ਸਰਪ੍ਰਸਤੀ ਦਿੱਤੀ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਸਿੱਖ ਸੰਗਤ’ ਅਤੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।