ਅਸ਼ਰਫ਼ ਢੁੱਡੀ ਦੀ ਰਿਪੋਰਟ
ਸ੍ਰੀ ਮੁਕਤਸਰ ਸਾਹਿਬ: ਆਮ ਆਦਮੀ ਪਾਰਟੀ ਦੀ ਸਰਕਾਰ ਸਮਾਰਟ ਸਕੂਲਾਂ ਰਾਹੀਂ ਪੰਜਾਬ ਦੇ ਬੱਚਿਆਂ ਦੇ ਚੰਗੇ ਭੱਵਿਖ ਤੇ ਚੰਗੀ ਸਿੱਖਿਆ ਦੇਣ ਦਾ ਦਾਅਵਾ ਕਰਦੀ ਹੈ ਪਰ ਇਹ ਤਸਵੀਰ ਸਰਕਾਰ ਦੇ ਦਾਅਵਿਆਂ ਨੂੰ ਖੋਖਲਾ ਸਾਬਤ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ ਪਰ ਜ਼ਮੀਨੀ ਅਸਲੀਅਤ ਕੁਝ ਹੋਰ ਹੈ।
ਲੋਕਾਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਇਸ ਸਕੂਲ ਦੀ ਤਸਵੀਰ ਨਹੀਂ ਦਿਖਾਈ ਦਿੰਦੀ। ਕੀ ਇਹੀ ਪੰਜਾਬ ਸਰਕਾਰ ਦਾ ਸਿੱਖਿਆ ਮਾਡਲ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬੱਚਿਆਂ ਨੂੰ ਪੜ੍ਹਨ ਲਈ ਸਕੂਲ ਵਿੱਚ ਜਾਣ ਦਾ ਕੋਈ ਰਸਤਾ ਹੀ ਨਹੀਂ ਬਚਿਆ।
ਦਰਅਸਲ ਪਿਛਲੇ ਦਿਨੀਂ ਪਏ ਮੀਂਹ ਨੇ ਪਿੰਡ ਦੇ ਸਮਾਰਟ ਸਕੂਲ ਦਾ ਇਹ ਹਾਲ ਕਰ ਦਿੱਤਾ ਹੈ। ਪਿੰਡ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਸਕੂਲ ਦੇ ਨੇੜੇ ਹੀ ਬਿਜਲੀ ਦਾ ਟਰਾਂਸਫਾਰਮਰ ਵੀ ਹੈ। ਪਾਣੀ ਭਰ ਜਾਣ ਕਾਰਨ ਉਹ ਵੀ ਖਤਰੇ ਤੋਂ ਘਟ ਨਹੀਂ। ਕਿਸੇ ਵੀ ਸਮੇਂ ਸ਼ਾਰਟ ਸਰਕਟ ਹੋ ਸਕਦਾ ਹੈ ਤੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ।
ਇਸ ਸਕੂਲ ਵਿੱਚ 348 ਵਿਦਿਆਰਥੀ ਰਜਿਸਟਰਡ ਹਨ ਜਿਨ੍ਹਾਂ ਦੀ ਪੜ੍ਹਾਈ ਪਿਛਲੇ ਦਿਨਾਂ ਤੋਂ ਪ੍ਰਭਾਵਿਤ ਹੋ ਰਹੀ ਹੈ। ਪਿੰਡ ਵਾਸੀ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਸਰਕਾਰ ਇਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਨਹੀਂ ਕਰ ਰਹੀ। ਹਰ ਸਾਲ ਮਾਨਸੂਨ ਵਿੱਚ ਪੈਣ ਵਾਲੇ ਮੀਂਹ ਕਾਰਨ ਇਸ ਸਕੂਲ ਦਾ ਇਹੀ ਹਾਲ ਹੋ ਜਾਂਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਬਹੁਤ ਪੈਸਾ ਦਿੱਤ ਪਰ ਇਸ ਪੈਸੇ ਦਾ ਸਹੀ ਇਸਤੇਮਾਲ ਨਹੀਂ ਹੋਇਆ।
ਪਿੰਡ ਵਾਲਿਆਂ ਨੇ ਕਿਹਾ ਕਿ ਸਰਕਾਰ ਸਮਾਰਟ ਸਕੂਲ ਬਣਾ ਰਹੀ ਹੈ ਪਰ ਸਮਾਰਟ ਸਕੂਲ ਪਾਣੀ ਵਿੱਚ ਡੁੱਬਿਆ ਹੋਇਆ ਹੈ। ਪੜ੍ਹਾਈ ਦਾ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਹੈ। ਸਕੁਲ ਦੇ ਅਧਿਆਪਕ ਬਲਦ ਗੱਡੀ ਉਪਰ ਚੜ੍ਹ ਕੇ ਸਕੂਲ ਜਾਂਦੇ ਹਨ। ਕਿਸੇ ਵੀ ਸਮੇਂ ਕੋਈ ਹਾਦਸਾ ਵਾਪਰ ਸਕਦਾ ਹੈ। ਸਰਕਾਰ ਤੋਂ ਮੰਗ ਹੈ ਕਿ ਇਸ ਮਸਲੇ ਦਾ ਜਲਦ ਹੱਲ ਕੀਤਾ ਜਾਏ। ਇਹ ਨਹੀਂ ਕਿ ਪਾਣੀ ਕੱਢਣ ਨਾਲ ਇਸ ਦਾ ਹੱਲ ਹੋ ਜਾਏਗਾ ਸਗੋਂ ਇਸ ਸਕੂਲ ਨੂੰ ਇੱਥੋਂ ਸ਼ਿਫਟ ਕੀਤਾ ਜਾਏ ਤਾਂ ਹੀ ਇਸ ਦਾ ਹੱਲ ਹੋਵੇਗਾ ।