Punjab News:  16 ਮਾਰਚ ਨੂੰ ਪੰਜਾਬ ਵਿੱਚ ਆਮ ਆਦਮੀ ਪਾਰਟੀ (AAP) ਸਰਕਾਰ ਦੇ 3 ਸਾਲ ਪੂਰੇ ਹੋਣ 'ਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹਨ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਵਜੋਂ 5 ਸਾਲ ਪੂਰੇ ਕਰਨਗੇ ਤੇ ਅਗਲੇ 5 ਸਾਲ ਵੀ ਮੁੱਖ ਮੰਤਰੀ ਬਣੇ ਰਹਿਣਗੇ।


ਯਾਦ ਕਰਵਾ ਦਈਏ ਕਿ ਸਾਲ 2022 ਵਿੱਚ ਆਪ ਨੇ ਸੂਬੇ ਦੀਆਂ 117 ਵਿੱਚੋਂ 92 ਸੀਟਾਂ ਜਿੱਤ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਭਗਵੰਤ ਮਾਨ ਨੇ ਪੰਜਾਬ ਵਿੱਚ ਆਪ ਦੇ ਪਹਿਲੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਚੋਣਾਂ ਦੌਰਾਨ 'ਆਪ' ਨੇ ਪੰਜਾਬ ਦੇ ਲੋਕਾਂ ਨੂੰ ਕਈ ਗਰੰਟੀਆਂ ਦਿੱਤੀਆਂ ਸਨ, ਜਿਨ੍ਹਾਂ ਵਿੱਚ ਮੁਫ਼ਤ ਬਿਜਲੀ, ਨੌਕਰੀਆਂ, ਭ੍ਰਿਸ਼ਟਾਚਾਰ ਤੋਂ ਆਜ਼ਾਦੀ ਅਤੇ ਨਸ਼ੇ ਦਾ ਖਾਤਮਾ, ਸਿੱਖਿਆ ਅਤੇ ਸਿਹਤ ਵਿੱਚ ਸੁਧਾਰ ਦੇ ਦਾਅਵੇ ਸ਼ਾਮਲ ਸਨ। ਹਾਲਾਂਕਿ, ਇਸ ਸਭ ਦੇ ਵਿਚਕਾਰ ਸਭ ਤੋਂ ਵੱਡਾ ਮੁੱਦਾ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣਾ ਸੀ।



3 ਸਾਲ ਬੀਤ ਗਏ ਹਨ ਅਤੇ ਸਿਰਫ਼ 2 ਸਾਲ ਬਾਕੀ ਹਨ, ਪਰ ਆਪ ਸਰਕਾਰ ਇਸਨੂੰ ਸ਼ੁਰੂ ਨਹੀਂ ਕਰ ਸਕੀ। ਇਸਦਾ ਵੱਡਾ ਪ੍ਰਭਾਵ ਲੋਕ ਸਭਾ ਚੋਣਾਂ ਵਿੱਚ ਦੇਖਣ ਨੂੰ ਮਿਲਿਆ, ਜਦੋਂ ਆਪ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਸਿਰਫ਼ 3 ਹੀ ਜਿੱਤ ਸਕੀ।


ਇਸ ਦੇ ਨਾਲ ਹੀ ਜੇ ਅਸੀਂ ਅੰਕੜਿਆਂ ਦੀ ਗੱਲ ਕਰੀਏ, ਤਾਂ 1 ਕਰੋੜ ਤੋਂ ਵੱਧ ਮਹਿਲਾ ਵੋਟਰ ਹਨ, ਜੋ 1000 ਰੁਪਏ ਪ੍ਰਤੀ ਮਹੀਨਾ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ। ਜੇ ਸਰਕਾਰ ਉਨ੍ਹਾਂ ਨੂੰ 3 ਸਾਲਾਂ ਵਿੱਚ ਪੈਸੇ ਦਿੰਦੀ ਤਾਂ ਉਨ੍ਹਾਂ ਨੂੰ ਲਗਭਗ 36 ਹਜ਼ਾਰ ਕਰੋੜ ਰੁਪਏ ਮਿਲਦੇ ਪਰ ਗਰੰਟੀ ਪੂਰੀ ਨਾ ਹੋਣ ਕਾਰਨ ਸਰਕਾਰ ਨੇ ਇੰਨੇ ਪੈਸੇ ਬਚਾਏ।


ਅਰਵਿੰਦ ਕੇਜਰੀਵਾਲ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 10 ਗਰੰਟੀਆਂ ਦਿੱਤੀਆਂ ਸਨ। ਇਹਨਾਂ ਵਿੱਚੋਂ ਪਹਿਲੀ ਗਰੰਟੀ ਇਹ ਸੀ ਕਿ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਹਰ ਮਹੀਨੇ ₹1000 ਮਿਲਣਗੇ। ਕੇਜਰੀਵਾਲ ਨੇ ਇਸ ਗਾਰੰਟੀ ਨੂੰ ਦੇਸ਼ ਦਾ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਦੱਸਿਆ ਸੀ।


ਚੋਣਾਂ ਤੋਂ ਪਹਿਲਾਂ, ਕੇਜਰੀਵਾਲ ਤੋਂ ਪੁੱਛਿਆ ਗਿਆ ਸੀ ਕਿ ਉਹ ਔਰਤਾਂ ਨੂੰ ਦੇਣ ਲਈ ਹਰ ਸਾਲ 12,000 ਕਰੋੜ ਰੁਪਏ ਕਿੱਥੋਂ ਲਿਆਉਣਗੇ? ਇਸ 'ਤੇ ਕੇਜਰੀਵਾਲ ਨੇ ਕਿਹਾ ਸੀ ਕਿ ਮਾਈਨਿੰਗ ਵਿੱਚ ਬਹੁਤ ਭ੍ਰਿਸ਼ਟਾਚਾਰ ਹੋ ਰਿਹਾ ਹੈ। ਇੱਕ ਵਾਰ ਜਦੋਂ ਅਸੀਂ ਸਰਕਾਰ ਬਣਾਈ ਤਾਂ ਅਸੀਂ ਰੇਤ ਮਾਫੀਆ ਵਿਰੁੱਧ ਕਾਰਵਾਈ ਕਰਾਂਗੇ। ਅਸੀਂ ਭ੍ਰਿਸ਼ਟਾਚਾਰ ਨੂੰ ਰੋਕਾਂਗੇ ਅਤੇ ਸਰਕਾਰ ਇਸ ਤੋਂ 20 ਹਜ਼ਾਰ ਕਰੋੜ ਰੁਪਏ ਕਮਾਏਗੀ। ਇਸ ਰਾਹੀਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ ਪਰ ਇਹ ਹਾਲੇ ਤੱਕ ਦਿੱਤੇ ਨਹੀਂ ਗਏ ਹਨ।



ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀ ਕਿਹਾ ?


ਤਿੰਨ ਸਾਲ, ਰੰਗਲੇ ਪੰਜਾਬ ਨਾਲ! 16 ਮਾਰਚ 2022 'ਚ ਖਟਕੜ ਕਲਾਂ ਵਿਖੇ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਦਾ ਪ੍ਰਣ ਲਿਆ ਸੀ, ਜਿਸ ਨੂੰ ਪੂਰਾ ਕਰਨ ਲਈ ਅਸੀਂ ਨੇਕ ਨੀਅਤ ਅਤੇ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਜਿੰਨਾ ਕੰਮ ਇਨ੍ਹਾਂ 3 ਸਾਲਾਂ 'ਚ ਹੋਇਆ ਹੈ ਉਹ ਪਿਛਲੇ 70 ਸਾਲਾਂ 'ਚ ਵੀ ਨਹੀਂ ਹੋਇਆ। ਪੰਜਾਬੀਆਂ ਨਾਲ ਕੀਤੇ ਹਰ ਇੱਕ ਵਾਅਦੇ ਨੂੰ ਬਾਖ਼ੂਬੀ ਨਿਭਾਵਾਂਗੇ। ਪੰਜਾਬ 'ਚੋਂ ਨਸ਼ਿਆਂ ਦੀ ਮਾੜੀ ਅਲਾਮਤ ਨੂੰ ਖ਼ਤਮ ਕਰਨ ਲਈ ਚੱਲ ਰਹੇ ਯੁੱਧ ਨੂੰ ਮੁਕਾਮ ਤੱਕ ਪਹੁੰਚਾਵਾਂਗੇ। ਪੰਜਾਬ ਦੇ 3 ਕਰੋੜ ਲੋਕਾਂ ਦੇ ਸਾਥ ਅਤੇ ਵਿਸ਼ਵਾਸ ਲਈ ਧੰਨਵਾਦ। ਇਨਕਲਾਬ ਜ਼ਿੰਦਾਬਾਦ.. ਪੰਜਾਬ-ਪੰਜਾਬੀਅਤ ਜ਼ਿੰਦਾਬਾਦ..


ਪੰਜਾਬ ਦੀ ਸਿਆਸਤ ਵਿੱਚ ਮੜ ਸਰਗਰਮ ਹੋਏ ਕੇਰਜੀਵਾਲ


ਜ਼ਿਕਰ ਕਰ ਦਈਏ ਕਿ ਕੇਜਰੀਵਾਲ 10 ਦਿਨਾਂ ਤੋਂ ਹੁਸ਼ਿਆਰਪੁਰ ਦੇ ਵਿਪਾਸਨਾ ਵਿੱਚ ਸਨ। ਕੇਜਰੀਵਾਲ ਕੱਲ੍ਹ ਹੀ ਅੰਮ੍ਰਿਤਸਰ ਪਹੁੰਚੇ ਸਨ। ਜਿੱਥੇ ਉਹ ਸਾਬਕਾ ਮੰਤਰੀ ਇੰਦਰਬੀਰ ਨਿੱਝਰ ਦੇ ਘਰ ਗਏ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਅੱਜ ਉਹ ਪੰਜਾਬ ਦੇ ਵਿਧਾਇਕਾਂ ਨਾਲ ਵੀ ਮੀਟਿੰਗ ਕਰਨਗੇ।  ਦੱਸ ਦਈਏ ਕਿ  ਦਿੱਲੀ ਵਿੱਚ ਪਾਰਟੀ ਦੇ 10 ਸਾਲਾਂ ਬਾਅਦ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਇਹ ਕੇਜਰੀਵਾਲ ਦਾ ਪੰਜਾਬ ਦਾ ਪਹਿਲਾ ਦੌਰਾ ਹੈ। ਉਨ੍ਹਾਂ ਦੇ ਪੰਜਾਬ ਤੋਂ ਰਾਜ ਸਭਾ ਜਾਣ ਦੀ ਵੀ ਚਰਚਾ ਹੈ ਕਿਉਂਕਿ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਸੀਟ ਤੋਂ ਉਪ ਚੋਣ ਵਿੱਚ 'ਆਪ' ਨੇ ਉਮੀਦਵਾਰ ਬਣਾਇਆ ਹੈ। ਕੇਜਰੀਵਾਲ ਸੋਮਵਾਰ ਨੂੰ ਅਰੋੜਾ ਲਈ ਪ੍ਰਚਾਰ ਵੀ ਕਰਨਗੇ।