ਸ਼ੰਕਰ ਦਾਸ ਦੀ ਰਿਪੋਰਟ



ਚੰਡੀਗੜ੍ਹ: ਸਾਢੇ ਪੰਜ ਮਹੀਨਿਆਂ ਤੋਂ ਜੇਲ੍ਹ 'ਚ ਬੰਦ ਭਰਾ ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਭਾਵੁਕ ਹੋ ਗਈ। ਉਹ ਸਵੇਰੇ ਹੀ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੀ ਸੀ। ਉਨ੍ਹਾਂ ਕਿਹਾ ਕਿ ਮੈਂ ਸਵੇਰੇ ਹੀ ਅਰਦਾਸ ਕਰਕੇ ਰੱਖੜੀ ਲੈ ਕੇ ਪਟਿਆਲਾ ਜੇਲ੍ਹ ਲਈ ਰਵਾਨਾ ਹੋਣ ਲੱਗੀ ਸੀ।

ਹਰਸਿਮਰਤ ਨੇ ਕਿਹਾ ਕਿ ਮੈਂ ਅਰਦਾਸ ਕੀਤੀ ਸੀ ਕਿ ਅੱਜ ਇਸ ਭੈਣ ਨੂੰ ਜੇਲ੍ਹ 'ਚ ਜਾ ਕੇ ਬੇਕਸੂਰ ਭਰਾ ਨੂੰ ਰੱਖੜੀ ਬੰਨ੍ਹਣੀ ਪੈ ਰਹੀ ਹੈ। ਮੇਰੇ 'ਤੇ ਕ੍ਰਿਪਾ ਕਰੋ। 10-15 ਮਿੰਟਾਂ ਬਾਅਦ ਹੀ ਮਜੀਠੀਆ ਨੂੰ ਜ਼ਮਾਨਤ ਮਿਲ ਗਈ। ਹੁਣ ਇਹ ਭੈਣ ਕਿਸੇ ਜੇਲ੍ਹ ਵਿੱਚ ਨਹੀਂ ਸਗੋਂ ਹਰ ਸਾਲ ਦੀ ਤਰ੍ਹਾਂ ਘਰ ਜਾ ਕੇ ਆਪਣੇ ਭਰਾ ਨੂੰ ਰੱਖੜੀ ਬੰਨ੍ਹੇਗੀ।

ਹਰਸਿਮਰਤ ਬਾਦਲ ਨੇ ਕਿਹਾ ਕਿ ਕੁਝ ਪਾਰਟੀਆਂ ਨੇ ਬਿਕਰਮ ਮਜੀਠੀਆ ਦੇ ਨਾਂ 'ਤੇ ਨਸ਼ਿਆਂ ਦੀ ਗੱਲ ਕਰਕੇ ਰਾਜਨੀਤੀ ਕੀਤੀ ਹੈ। ਅੱਜ ਕਿੰਨੀਆਂ ਹੀ ਭੈਣਾਂ ਦੇ ਭਰਾ ਨਸ਼ੇ ਦੀ ਓਵਰਡੋਜ਼ ਨਾਲ ਮਰ ਗਏ ਹਨ। ਸਰਕਾਰ ਨੂੰ ਦੱਸਣਾ ਚਾਹੀਦਾ ਕਿ ਮਜੀਠੀਆ 8 ਮਹੀਨੇ ਜੇਲ੍ਹ ਵਿੱਚ ਰਹੇ ਤਾਂ ਇਸ ਦੌਰਾਨ ਨਸ਼ੇ ਘਟੇ ਜਾਂ ਵਧੇ ? ਮੈਂ ਸਰਕਾਰ ਨੂੰ ਕਹਾਂਗੀ ਕਿ ਆਪਣੀ ਬਦਲਾਖੋਰੀ ਬੰਦ ਕਰੇ। ਮਾਂਵਾਂ ਦੇ ਪੁੱਤਾਂ ਤੇ ਭੈਣਾਂ ਦੇ ਭਰਾਵਾਂ ਨੂੰ ਬਚਾਓ। ਉਹ ਕਹਿੰਦੇ ਸਨ ਕਿ ਮਜੀਠੀਆ ਨਸ਼ਾ ਵੇਚਦਾ ਹੈ, ਫਿਰ ਹੁਣ ਨਸ਼ਾ ਕਿਵੇਂ ਵਿਕ ਰਿਹਾ ਹੈ? 2015 ਤੋਂ ਬਾਅਦ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਬਦਨਾਮ ਕੀਤਾ ਹੈ।

ਹਰਸਿਮਰਤ ਬਾਦਲ ਨੇ ਕਿਹਾ ਕਿ ਮਜੀਠੀਆ ਦੇ ਬਾਹਰ ਆਉਣ ਨਾਲ ਅਕਾਲੀ ਦਲ ਨੂੰ ਵੀ ਮਜ਼ਬੂਤੀ ਮਿਲੇਗੀ। 2015 ਤੋਂ ਹੀ ਵਿਰੋਧੀਆਂ ਨੇ ਅਕਾਲੀ ਦਲ ਨੂੰ ਹਰ ਪਾਸਿਓਂ ਘੇਰਿਆ ਸੀ। ਹੁਣ ਬਿਕਰਮ ਦੇ ਆਉਣ ਨਾਲ ਅਕਾਲੀ ਦਲ ਜ਼ਮੀਨ 'ਤੇ ਉੱਤਰ ਕੇ ਵਿਰੋਧੀਆਂ ਨੂੰ ਜਵਾਬ ਦੇਵੇਗਾ। ਅਕਾਲੀ ਦਲ ਪੰਜਾਬ ਤੇ ਪੰਜਾਬੀਆਂ ਲਈ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੈ। ਅਸੀਂ ਕੇਂਦਰ ਦੀ ਕੁਰਸੀ ਤੇ ਗਠਜੋੜ ਵੀ ਛੱਡ ਦਿੱਤਾ ਸੀ।

ਦੱਸ ਦੇਈਏ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਮਜੀਠੀਆ ਵਿਰੁੱਧ ਨਸ਼ਿਆਂ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ 24 ਫਰਵਰੀ ਤੋਂ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਮਜੀਠੀਆ ਇਸ ਕੇਸ ਨੂੰ ਖਾਰਜ ਕਰਵਾਉਣ ਲਈ ਸੁਪਰੀਮ ਕੋਰਟ ਗਏ ਸਨ ਪਰ ਉੱਥੋਂ ਉਨ੍ਹਾਂ ਨੂੰ ਹਾਈ ਕੋਰਟ ਜਾਣ ਦੇ ਹੁਕਮ ਦਿੱਤੇ ਗਏ ਸੀ। ਇਹ ਐਫਆਈਆਰ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਮਜੀਠੀਆ ਖ਼ਿਲਾਫ਼ ਦਰਜ ਕੀਤੀ ਗਈ ਸੀ।

ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਮਜੀਠੀਆ ਨੂੰ ਚੋਣ ਲੜਨ ਤੱਕ ਦੀ ਗ੍ਰਿਫਤਾਰੀ 'ਤੇ ਰੋਕ ਲਗਾਉਂਦੇ ਹੋਏ ਰਾਹਤ ਦਿੱਤੀ ਸੀ। ਵੋਟਿੰਗ ਤੋਂ ਬਾਅਦ ਮਜੀਠੀਆ ਨੇ 24 ਫਰਵਰੀ ਨੂੰ ਮੋਹਾਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। 10 ਮਾਰਚ ਨੂੰ ਚੋਣ ਨਤੀਜੇ ਆਉਣ 'ਤੇ ਮਜੀਠੀਆ ਅੰਮ੍ਰਿਤਸਰ ਪੂਰਬੀ ਤੋਂ ਚੋਣ ਹਾਰ ਗਏ ਸਨ ਤੇ ਉਦੋਂ ਤੋਂ ਉਹ ਨਿਆਂਇਕ ਹਿਰਾਸਤ 'ਚ ਹਨ।