ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਪੰਜਾਬ ਦੀ ਜ਼ਰਜ਼ਰ ਆਰਥਿਕ ਸਥਿਤੀ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਜ਼ਿੰਮੇਵਾਰ ਹਨ, ਜਿਨ੍ਹਾਂ ਵਾਰੀਆਂ ਬੰਨ੍ਹ ਕੇ ਕਈ ਦਹਾਕਿਆਂ ਤੱਕ ਪੰਜਾਬ 'ਤੇ ਰਾਜ ਕੀਤਾ ਅਤੇ ਪੰਜਾਬ ਦੇ ਖ਼ਜ਼ਾਨੇ, ਆਰਥਿਕ ਸਾਧਨਾਂ ਅਤੇ ਸਰਕਾਰੀ ਜ਼ਮੀਨਾਂ- ਜਾਇਦਾਦਾਂ ਨੂੰ ਲੁੱਟ ਕੇ ਆਪਣੇ ਘਰ ਭਰ ਲਏ ਹਨ। ਮਾਨ ਨੇ ਕਿਹਾ ਕਿ ਪੰਜਾਬ 'ਤੇ ਰਾਜ ਕਰਨ ਵਾਲੀਆਂ ਦੇ ਰਾਜ 'ਚ ਜਿੱਥੇ ਪੰਜਾਬ 3 ਲੱਖ ਕਰੋੜ ਤੋਂ ਵੱਧ ਦੇ ਕਰਜ਼ੇ ਵਿੱਚ ਡੁੱਬਿਆ ਹੈ, ਉੱਥੇ ਹੀ ਨਸ਼ਿਆਂ ਨਾਲ ਲੱਖਾਂ ਨੌਜਵਾਨ ਮਾਰੇ ਗਏ, ਗ਼ਰੀਬੀ ਕਾਰਨ ਲੱਖਾਂ ਲੋਕਾਂ ਨੇ ਆਤਮ ਹੱਤਿਆਵਾਂ ਕੀਤੀਆਂ, ਕਿਸਾਨ ਮਜ਼ਦੂਰ ਕਰਜ਼ੇ ਦੇ ਬੋਝ ਥੱਲੇ ਮਰ ਗਏ ਅਤੇ ਪੰਜਾਬ ਦਾ ਪਾਣੀ, ਜ਼ਮੀਨ ਅਤੇ ਵਾਤਾਵਰਨ ਲੁੱਟੇ ਗਏ।


ਭਗਵੰਤ ਮਾਨ ਨੇ ਕਿਹਾ, ''ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਲਈ ਪੰਜਾਬ ਪੱਖੀ ਵਿੱਤੀ ਮਾਡਲ 'ਤੇ ਅਮਲ ਕਰੇਗੀ। ਪੰਜਾਬ ਦੇ ਖ਼ਜ਼ਾਨੇ ਦੀ ਸਾਰੀ ਲੀਕੇਜ਼ ਅਤੇ ਲੁੱਟ ਬੰਦ ਕਰਕੇ ਦਿੱਲੀ ਵਾਂਗ ਪੰਜਾਬ ਨੂੰ ਵਾਧੂ ਬਜਟ ਵਾਲਾ ਸੂਬਾ ਬਣਾਵਾਂਗੀ। ਜਿਸ ਤਰਾਂ ਦਿੱਲੀ 'ਚ 'ਆਪ' ਦੀ ਸਰਕਾਰ ਨੇ ਖ਼ਜ਼ਾਨੇ ਵਿੱਚ ਵਾਧਾ ਕਰਕੇ ਲੋਕਾਂ ਨੂੰ ਸਹੂਲਤਾਂ ਦੇਣ ਦਾ ਕੰਮ ਕੀਤਾ ਹੈ, ਉਸੇ ਤਰਾਂ ਪੰਜਾਬ ਵਿੱਚ ਸਹੂਲਤਾਂ ਦਿੱਤੀਆਂ ਜਾਣਗੀਆਂ।'' ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਹਰ ਦਿਨ ਆਮਦਨ ਘੱਟ ਰਹੀ ਹੈ, ਕਰਜ਼ੇ ਦੀਆਂ ਕਿਸ਼ਤਾਂ ਵੱਧ ਰਹੀਆਂ ਕਿਉਂਕਿ ਸੱਤਾਧਾਰੀਆਂ ਨੇ ਪੰਜਾਬ ਦੇ ਵਿਕਾਸ ਲਈ ਕੋਈ ਠੋਸ ਯੋਜਨਾ ਨਹੀਂ ਬਣਾਈ, ਸਗੋਂ ਪੰਜਾਬ ਨੂੰ ਲੁੱਟਣ 'ਤੇ ਹੀ ਲੱਕ ਬੰਨੀ ਰੱਖਿਆ, ਜਦੋਂ ਕਿ ਬਾਦਲ ਅਤੇ ਕੈਪਟਨ ਦੇ ਰਾਜ ਤੋਂ ਪਹਿਲਾਂ ਪੰਜਾਬ ਵਾਧੂ ਆਮਦਨ ਵਾਲਾ ਸੂਬਾ ਸੀ।


ਭਗਵੰਤ ਮਾਨ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਨੇ ਪੰਜਾਬ ਦੀ ਮਾੜੀ ਵਿੱਤੀ ਹਾਲਤ ਦਾ ਕੌੜਾ ਸੱਚ ਲੋਕਾਂ ਸਾਹਮਣੇ ਲਿਆ ਦਿੱਤਾ, ਕਿਉਂਕਿ ਕੋਰੋਨਾ ਕਾਲ ਦੌਰਾਨ ਪੰਜਾਬ ਵਾਸੀਆਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਸਸਤਾ ਤੇ ਚੰਗਾ ਇਲਾਜ ਨਹੀਂ ਮਿਲਿਆ। ਲੋਕਾਂ ਨੂੰ ਸਰਕਾਰ ਨੇ ਕੋਈ ਆਰਥਿਕ ਸਹਾਇਤਾ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਕੌਮੀ ਪੱਧਰ ਤੋਂ ਵੀ ਵੱਧ ਦਰ ਨਾਲ ਘਟੀ ਹੈ। ਸਾਲ 2020 ਦੇ ਕੋਰੋਨਾ ਕਾਲ 'ਚ ਕੌਮੀ ਪੱਧਰ 'ਤੇ ਪ੍ਰਤੀ ਵਿਅਕਤੀ ਆਮਦਨ 5.4 ਫ਼ੀਸਦੀ ਘੱਟ ਹੋਈ ਹੈ ਪਰ ਪੰਜਾਬ 'ਚ ਪ੍ਰਤੀ ਵਿਅਕਤੀ ਆਮਦਨ 8.4 ਫ਼ੀਸਦੀ ਦੀ ਦਰ ਨਾਲ ਘਟੀ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਭ੍ਰਿਸ਼ਟ ਸੱਤਾਧਾਰੀਆਂ ਨੇ ਪੰਜਾਬ ਨੂੰ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਛੱਡਿਆ। ਦੂਜੇ ਪਾਸੇ ਬਾਦਲਾਂ ਨੇ ਸੈਂਕੜੇ ਬੱਸਾਂ, ਸੱਤ ਤਾਰਾ ਹੋਟਲ, ਮੀਡੀਆ ਚੈਨਲ, ਹਜ਼ਾਰਾਂ ਏਕੜ ਜ਼ਮੀਨ ਅਤੇ ਜਾਇਦਾਦ ਬਣਾ ਲਈ। ਇਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਨੇ ਦੋ ਵਾਰ ਮੁੱਖ ਮੰਤਰੀ ਬਣ ਕੇ ਬਾਦਲ ਪਰਿਵਾਰ ਬਰਾਬਰ ਸਿਸਵਾਂ ਫਾਰਮ ਹਾਊਸ 'ਤੇ ਇੱਕ ਹੋਰ ਮਹੱਲ ਬਣਾ ਲਿਆ, ਅਰਬਾਂ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਅਤੇ ਵਿਦੇਸ਼ਾਂ ਵਿੱਚ ਗੁਪਤ ਖਾਤੇ ਖੁਲ੍ਹਵਾਏ। ਇਹੋ ਹਾਲ ਬਾਕੀ ਆਗੂਆਂ ਦਾ ਹੈ।


ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਆਰਥਿਕ ਸਥਿਤੀ ਸੁਧਾਰਨ ਲਈ ਸਾਫ਼ ਨੀਅਤ ਅਤੇ ਚੰਗੀ ਨੀਤੀ ਵਾਲੀ ਸਰਕਾਰ ਦੀ ਲੋੜ ਹੈ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਰ ਖੇਤਰ ਦੇ ਵਿਕਾਸ ਲਈ ਚੰਗੀ ਨੀਅਤ ਤੇ ਨੀਤੀ ਵਾਲਾ ਇੱਕ ਰੋਡਮੈਪ ਤਿਆਰ ਕੀਤਾ। ਪੰਜਾਬ ਦੀ ਖੇਤੀਬਾੜੀ, ਉਦਯੋਗ ਅਤੇ ਇਨਫਰਮੇਸ਼ਨ ਖੇਤਰ (ਆਈ.ਟੀ ਸੈਕਟਰ) ਦਾ ਵਿਕਾਸ ਕਰਨ ਦੇ ਨਾਲ ਨਾਲ ਸੂਬੇ ਦੇ ਕੁਦਰਤੀ ਸਾਧਨਾਂ ਦੀ ਸੰਭਾਲ ਵੀ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਸਰਕਾਰੀ ਖ਼ਜ਼ਾਨੇ ਨੂੰ ਭਰਨ ਅਤੇ ਸਹੀ ਵਰਤੋਂ ਕਰਨ ਦਾ ਨਮੂਨਾ ਲੋਕਾਂ ਅੱਗੇ ਪੇਸ਼ ਕੀਤਾ ਹੈ, ਜਿੱਥੇ ਭਿਸ਼੍ਰਟਾਚਾਰ ਨੂੰ ਨੱਥ ਪਾ ਕੇ ਆਮ ਲੋਕਾਂ ਲਈ ਸਸਤੀ ਬਿਜਲੀ, ਚੰਗੀ ਸਕੂਲ ਸਿੱਖਿਆ, ਇਲਾਜ ਅਤੇ ਹੋਰ ਜਨ ਸੁਵਿਧਾਵਾਂ ਪ੍ਰਦਾਨ ਕੀਤੀਆਂ ਹਨ।