ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਕਰਜ ਮੁਕਤ ਕਰਨ ਦੇ ਐਲਾਨ ਦਾ ਆਮ ਆਦਮੀ ਪਾਰਟੀ (ਆਪ) ਨੇ ਸਵਾਗਤ ਕੀਤਾ ਹੈ। ‘ਆਪ’ ਪੰਜਾਬ ਦੇ ਬੁਲਾਰੇ ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਫ਼ੈਸਲੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਚੰਗੀ ਉਚ ਸਿੱਖਿਆ ਪ੍ਰਾਪਤ ਕਰਨ ਦੀ ਉਮੀਦ ਬਣੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬੀ ਯੂਨੀਵਰਸਿਟੀ ਸਮੇਤ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਕਰਜਾ ਮੁਕਤ ਕਰੇਗੀ ਅਤੇ ਇਨਾਂ ਦਾ ਪੁਨਰ ਨਿਰਮਾਣ ਕਰਕੇ ਵਿਸ਼ਵ ਪੱਧਰੀ ਬਣਾਏਗੀ।


ਡਾ. ਆਹਲੂਵਾਲੀਆ ਨੇ ਕਾਂਗਰਸ ਅਤੇ ਅਕਾਲੀ- ਭਾਜਪਾ ਸਰਕਾਰਾਂ ’ਤੇ ਪ੍ਰਾਈਵੇਟ ਸਿੱਖਿਆ ਅਦਾਰਿਆਂ ਨੂੰ ਪ੍ਰਫੁੱਲਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜਾਣਬੁੱਝ ਕੇ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਹਾਲਤ ਖ਼ਰਾਬ ਕੀਤੀ ਹੈ ਤਾਂ ਜੋ ਆਮ ਅਤੇ ਗਰੀਬ ਲੋਕਾਂ ਦੇ ਬੱਚੇ ਉਚ ਸਿੱਖਿਆ ਤੋਂ ਵਾਂਝੇ ਹੋ ਜਾਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਚ ਸਿੱਖਿਆ ਤੱਕ ਸਭ ਦੀ ਪਹੁੰਚ ਪੱਕੀ ਕਰੇਗੀ। ਗਰੀਬਾਂ ਅਤੇ ਅਮੀਰਾਂ ਦੇ ਬੱਚਿਆਂ ਲਈ ਬਿਨਾਂ ਭੇਦਭਾਵ ਕੀਤੇ ਸਿੱਖਿਆ ਦਾ ਚੰਗਾ ਅਤੇ ਇੱਕ ਸਮਾਨ ਮਹੌਲ ਤਿਆਰ ਕਰੇਗੀ। ਪੰਜਾਬ ਦੇ ਸਰਕਾਰੀ ਸਿੱਖਿਆ ਅਦਾਰਿਆਂ ਨੂੰ ਪ੍ਰਾਈਵੇਟ ਸਿੱਖਿਆ ਅਦਾਰਿਆਂ ਤੋਂ ਚੰਗਾ ਬਣਾਏਗੀ। 


ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕਾਂ ਤੋਂ ਜਨਗਣਨਾ, ਸਰਵੇ ਸਮੇਤ ਕਈ ਤਰ੍ਹਾਂ ਦੇ ਦੂਜੇ ਕੰਮ ਕਰਵਾਉਂਦੀਆਂ ਸਨ, ਜਿਸ ਦਾ ਮਾੜਾ ਅਸਰ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਪੈਂਦਾ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਅਧਿਆਪਕਾਂ ਤੋਂ ਕੇਵਲ ਸਿੱਖਿਆ ਦਾ ਕੰਮ ਕਰਵਾਏਗੀ ਤਾਂ ਜੋ ਵਿਦਿਆਰਥੀਆਂ ਦਾ ਸਿਲੇਬਸ ਨਿਰਧਾਰਤ ਸਮੇਂ ’ਚ ਪੂਰਾ ਹੋ ਸਕੇ। ਸਮੇਂ ’ਤੇ ਪ੍ਰੀਖਿਆਵਾਂ ਅਤੇ ਨਤੀਜੇ ਹੋਣ ਅਤੇ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਭਰਪੂਰ ਮਾਰਗ ਦਰਸ਼ਨ ਪ੍ਰਾਪਤ ਹੋਵੇਗਾ।  ਉਨ੍ਹਾਂ ਇਸ ਫ਼ੈਸਲੇ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਪੰਜਾਬ ਦੀ ਸਿੱਖਿਆ ਵਿਵਸਥਾ ਲਈ ਕਰਾਂਤੀਕਾਰੀ ਕਦਮ ਕਰਾਰ ਦਿੱਤਾ ਹੈ।


ਡਾ. ਸੰਨੀ ਆਹਲੂਵਾਲੀਆ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਅਤੇ ਇਲਾਜ ਵਿਵਸਥਾ ਠੀਕ ਕਰਨਾ ‘ਆਪ’ ਸਰਕਾਰ ਦਾ ਮੁੱਖ ਉਦੇਸ਼ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ’ਚ ਹੀ ਉਚ ਸਿੱਖਿਆ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰੇੇਗੀ ਅਤੇ ਪੰਜਾਬ ਦੇ ਪੈਸੇ ਅਤੇ ਪ੍ਰਤਿਭਾ ਦੇ ਪਰਵਾਸ ਨੂੰ ਰੋਕੇਗੀ। ਆਉਣ ਵਾਲੇ ਸਾਲਾਂ ’ਚ ਪੰਜਾਬ ਦੀ ਸਿੱਖਿਆ ਵਿਵਸਥਾ ਐਨੀ ਚੰਗੀ ਹੋ ਜਾਵੇਗੀ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ, ਉਲਟਾ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਤੋਂ ਵਿਦਿਆਰਥੀ ਪੰਜਾਬ ਵਿੱਚ ਪੜ੍ਹਨ ਆਇਆ ਕਰਨਗੇ।