ਰੌਬਟ ਦੀ ਰਿਪੋਰਟ



ਚੰਡੀਗੜ੍ਹ: ਪੰਜਾਬ 'ਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਸਿਆਸਤ ਤੇਜ਼ ਹੁੰਦੀ ਜਾ ਰਹੀ ਹੈ। ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚੋਂ ਨਜਾਇਜ਼ ਮਾਈਨਿੰਗ ਖਤਮ ਹੋ ਗਈ ਹੈ। ਇਸ ਤੋਂ ਤੁਰੰਤ ਮਗਰੋਂ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਟਵਿੱਟਰ 'ਤੇ ਰੇਤ ਦੀ ਨਜਾਇਜ਼ ਖਨਣ ਦਾ ਵੀਡੀਓ ਸ਼ੇਅਰ ਕਰ ਦਿੱਤਾ। ਪਰਗਟ ਸਿੰਘ ਨੇ ਇਸ ਵੀਡੀਓ ਨਾਲ 'ਆਪ' ਦੇ ਮਾਈਨਿੰਗ ਮੰਤਰੀ ਪੰਜਾਬ ਹਰੋਜਤ ਸਿੰਘ ਬੈਂਸ ਨੂੰ ਟੈਗ ਕੀਤਾ ਹੈ।


ਪਰਗਟ ਸਿੰਘ ਨੇ ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ, "ਹਰਜੋਤ ਬੈਂਸ ਜੀ, ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਗੈਰ-ਕਾਨੂੰਨੀ ਮਾਈਨਿੰਗ ਜਾਰੀ ਹੈ। ਮੈਂ ਤੁਹਾਡੇ ਆਪਣੇ ਇਲਾਕੇ ਤਰਫ ਮਾਜਰੀ, ਅਨੰਦਪੁਰ ਸਾਹਿਬ ਵਿੱਚ ਸ਼ਰੇਆਮ ਮਾਈਨਿੰਗ ਦੀ ਇੱਕ ਹੋਰ ਵੀਡੀਓ ਸਾਂਝੀ ਕਰ ਰਿਹਾ ਹਾਂ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਵੱਡੇ-ਵੱਡੇ ਦਾਅਵੇ ਕਰਨ ਤੇ ਪੀਆਰ ਅਭਿਆਸਾਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੇ ਖੇਤਰ ਦਾ ਖਿਆਲ ਕਰੋ।"









ਇਸ 'ਤੇ ਜਵਾਬ ਦਿੰਦੇ ਹੋਏ ਹਰਜੋਤ ਬੈਂਸ ਨੇ ਕਿਹਾ, "ਕਾਨੂੰਨੀ ਮਾਈਨਿੰਗ 'ਚ ਢਾਈ ਗੁਣਾ ਵਾਧਾ। ਇਸ ਲਈ ਮੈਂ ਕਹਿ ਰਿਹਾ ਹਾਂ ਕਿ ਕਿਰਪਾ ਕਰਕੇ ਆਪਣੇ ਤੇ ਸਾਡੇ ਕਾਰਜਕਾਲ ਦੇ ਡੇਟਾ ਦੀ ਜਾਂਚ ਕਰੋ। ਇਸ ਸਾਈਟ ਦੀ ਰਿਪੋਰਟ ਤਲਬ ਕੀਤੀ ਹੈ, ਇਸ ਨੂੰ ਸਾਂਝਾ ਕਰਾਂਗੇ। ਸਾਡੇ ਇਰਾਦੇ ਸਾਫ ਹਨ, ਇਹ ਸਭ ਨੂੰ ਸਾਫ਼ ਕਰਨਾ ਮੇਰਾ ਮਿਸ਼ਨ ਹੈ, ਅਸੀਂ ਦੋ ਮਹੀਨਿਆਂ ਵਿੱਚ ਬਹੁਤ ਕੁਝ ਕੀਤਾ ਹੈ, ਹੋਰ ਵੀ ਬਹੁਤ ਕੁਝ ਕਰਾਂਗੇ। ਮੈਂ ਇਸ ਦਾ ਵਾਅਦਾ ਕਰਦਾ ਹਾਂ।"


ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਨੇ ਇਕ ਵੀਡੀਓ ਟਵੀਟ ਕਰ ਕਿਹਾ ਕਿ, "ਕੌਣ ਕਹਿੰਦਾ ਪੰਜਾਬ 'ਚ ਨਜਾਇਜ਼ ਮਾਈਨਿੰਗ ਬੰਦ ਹੋ ਗਈ ਹੈ! ਕਿਰਪਾ ਕਰਕੇ ਇਹ ਲਿੰਕ https://fb.watch/dhyy31t3Oi/ ਦੇਖੋ ਤੇ ਪੁੱਛੋ। ਹਰਜੋਤ ਬੈਂਸ ਨੂੰ (@harjotbains)ਕਿ ਆਪਣੇ ਹਲਕੇ ਆਨੰਦਪੁਰ ਸਾਹਿਬ 'ਚ ਸਿਲਟਿੰਗ ਦੇ ਨਾਂ 'ਤੇ 31 ਫੁੱਟ ਤੱਕ ਖੋਦਾਈ ਕਰਨ ਲਈ ਮਾਫੀਆ ਨੂੰ ਕਿਸ ਨੇ ਦਿੱਤੀ? -ਖਹਿਰਾ"