ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਹਰ ਘਰ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ 16 ਅਪ੍ਰੈਲ ਨੂੰ ਕੀਤਾ ਗਿਆ ਸੀ। ਆਪ ਸਰਕਾਰ ਦੇ ਇਸ ਐਲਾਨ ਨੂੰ ਚੋਣਾਂ ਤੋਂ ਪਹਿਲਾਂ ਸੂਬੇ ਦੇ ਲੋਕਾਂ ਨੂੰ ਦਿੱਤੀ ਪਹਿਲੀ ਗਾਰੰਟੀ ਵਜੋਂ ਵੇਖਿਆ ਗਿਆ ਪਰ ਇਹ ਸਭ ਸਰਕਾਰ ਲਈ ਆਸਾਨ ਨਹੀਂ। ਇਸ ਐਲਾਨ ਦੇ ਨਾਲ ਹੀ ਪੰਜਾਬ ਸਰਕਾਰ ਵਿਰੋਧੀਆਂ ਦੇ ਨਿਸ਼ਾਨ ਉੱਪਰ ਆ ਗਈ। ਇਸ ਦੇ ਨਾਲ ਹੀ ਹੁਣ ਇਸੇ ਮੁੱਦੇ ਨੂੰ ਲੈ ਕੇ ਮਾਨ ਸਰਕਾਰ ਵੱਲੋਂ ਪੇਸ਼ ਕੀਤੀ ਨਵੀਂ ਸ਼ਰਤ ਨਾਲ ਵਿਰੋਧੀ ਪਾਰਟੀਆਂ ਮੈਦਾਨ 'ਚ ਆ ਗਈਆਂ ਹਨ।
ਦੱਸ ਦਈਏ ਕਿ ਵਿਰੋਧੀ ਧਿਰਾਂ ਨੇ ਸਵਾਲ ਕੀਤਾ ਕਿ ਕੀ ਸਰਕਾਰ ਲਾਭ ਦੇ ਰਹੀ ਹੈ ਜਾਂ ਡਰਾਮਾ ਹੋ ਰਿਹਾ ਹੈ। ਜਨਰਲ ਕੈਟਾਗਰੀ ਤੋਂ ਬਾਅਦ ਉਨ੍ਹਾਂ ਇਸ ਨੂੰ ਐਸਸੀ ਵਰਗ ਨਾਲ ਵੀ ਧੋਖਾ ਕਰਾਰ ਦਿੱਤਾ। ਇਸ ਸਕੀਮ ਵਿੱਚ ਮਾਨ ਸਰਕਾਰ ਵੱਲੋਂ ਸਹੀ ਹੋਮਵਰਕ ਨਾ ਕਰਨ ਕਾਰਨ ਘਿਰੇ ਨਜ਼ਰ ਆ ਰਹੇ ਹਨ। ਕੁਝ ਦਿਨ ਪਹਿਲਾਂ ਸੀਐਮ ਭਗਵੰਤ ਮਾਨ ਨੇ 1 ਜੁਲਾਈ ਤੋਂ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਸੀ।
ਯਾਦ ਰਹੇ ਪਹਿਲੇ ਸੀਐਮ ਭਗਵੰਤ ਮਾਨ ਨੇ ਐਲਾਨ ਕੀਤਾ ਕਿ 1 ਜੁਲਾਈ ਤੋਂ ਪੰਜਾਬ ਦੇ ਹਰ ਘਰ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ। ਪੰਜਾਬ 'ਚ 2 ਮਹੀਨੇ ਬਾਅਦ ਬਿੱਲ ਜਨਰੇਟ ਹੁੰਦਾ ਹੈ, ਇਸ ਲਈ 600 ਯੂਨਿਟ ਮੁਫਤ ਮਿਲਣਗੇ। ਜੇਕਰ SC/BC ਵਰਗ, ਸੁਤੰਤਰਤਾ ਸੈਨਾਨੀਆਂ ਤੇ BPL ਪਰਿਵਾਰਾਂ ਦਾ ਬਿੱਲ ਇਸ ਤੋਂ ਵੱਧ ਹੈ ਤਾਂ ਉਨ੍ਹਾਂ ਨੂੰ 600 ਯੂਨਿਟ ਤੋਂ ਉੱਪਰ ਵਾਲੇ ਯੂਨਿਟ ਲਈ ਹੀ ਭੁਗਤਾਨ ਕਰਨਾ ਹੋਵੇਗਾ। ਜੇਕਰ ਦੂਜੀ ਸ਼੍ਰੇਣੀ ਦਾ ਬਿੱਲ 1 ਯੂਨਿਟ ਵੀ ਜ਼ਿਆਦਾ ਆਉਂਦਾ ਹੈ ਤਾਂ ਪੂਰੇ 601 ਯੂਨਿਟ ਦਾ ਬਿੱਲ ਭਰਨਾ ਪਵੇਗਾ।
ਪੰਜਾਬ ਵਿੱਚ ਇਹ ਸਵਾਲ ਉੱਠਿਆ ਕਿ ਜਨਰਲ ਵਰਗ ਨਾਲ ਬੇਇਨਸਾਫੀ ਕਿਉਂ, ਉਨ੍ਹਾਂ 'ਚ ਵੀ ਗਰੀਬ ਪਰਿਵਾਰ ਹਨ। ਇਸ 'ਤੇ ਬਿਜਲੀ ਮੰਤਰੀ ਹਰਭਜਨ ਸਿੰਘ ਅੱਗੇ ਆਏ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਵਰਗ ਲਈ ਸਿਰਫ 1 ਕਿਲੋਵਾਟ ਕੁਨੈਕਸ਼ਨ ਤੱਕ 600 ਯੂਨਿਟ ਬਿਜਲੀ ਪੂਰੀ ਤਰ੍ਹਾਂ ਮੁਫਤ ਹੋਵੇਗੀ। ਇਸ ਤੋਂ ਵੱਡੇ ਕੁਨੈਕਸ਼ਨ 'ਤੇ ਜੇਕਰ ਇਸ ਸ਼੍ਰੇਣੀ ਦੇ ਕਿਸੇ ਵਿਅਕਤੀ ਦਾ ਬਿੱਲ ਵੱਧ ਆਉਂਦਾ ਹੈ ਤਾਂ ਉਸ ਦਾ ਪੂਰਾ ਭੁਗਤਾਨ ਕਰਨਾ ਹੋਵੇਗਾ। ਜਿਹੜੇ ਲੋਕ ਇਨਕਮ ਟੈਕਸ ਅਦਾ ਕਰਦੇ ਹਨ, ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਵੱਧ ਯੂਨਿਟ ਦਾ ਬਿੱਲ ਅਦਾ ਕਰਨਾ ਹੋਵੇਗਾ।
ਇਸ ਬਾਰੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ 300 ਯੂਨਿਟ ਬਿਜਲੀ ਮੁਫਤ ਮਿਲਣ ਨੂੰ ਲੈ ਕੇ ਕਾਫੀ ਭੰਬਲਭੂਸਾ ਬਣਿਆ ਹੋਇਆ ਹੈ। ਸੀਐਮ ਭਗਵੰਤ ਮਾਨ ਨੇ ਪਹਿਲਾਂ ਐਲਾਨ ਕੀਤਾ ਸੀ ਕਿ 2 ਕਿਲੋਵਾਟ ਤੋਂ ਘੱਟ ਬਿਜਲੀ ਵਾਲੇ ਲੋਕਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ। ਹੁਣ ਬਿਜਲੀ ਮੰਤਰੀ ਕਹਿ ਰਹੇ ਹਨ ਕਿ ਸਿਰਫ਼ 1 ਕਿਲੋਵਾਟ ਤੱਕ ਦੇ ਖਪਤਕਾਰਾਂ ਨੂੰ ਹੀ ਇਹ ਲਾਭ ਮਿਲੇਗਾ।
ਇਸੇ ਤਰ੍ਹਾਂ ਕਾਂਗਰਸ ਦੇ ਸੀਨੀਅਰ ਨੇਤਾ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੀ ਇਹ ਕੋਈ ਡਰਾਮਾ ਹੋ ਰਿਹਾ ਹੈ? ਅਰਵਿੰਦ ਕੇਜਰੀਵਾਲ ਰਾਸ਼ਟਰੀ ਮੀਡੀਆ ਵਿੱਚ ਰੌਲਾ ਪਾ ਰਿਹਾ ਹੈ ਕਿ ਪੰਜਾਬ ਵਿੱਚ 300 ਯੂਨਿਟ ਬਿਜਲੀ ਮੁਫਤ ਕਰ ਦਿੱਤੀ ਗਈ ਹੈ। ਹੁਣ ਨਵੀਆਂ ਸ਼ਰਤਾਂ ਲਾਈਆਂ ਜਾ ਰਹੀਆਂ ਹਨ।
ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਮੁਫਤ ਬਿਜਲੀ ਦੇ ਨਾਂ 'ਤੇ ਪੰਜਾਬੀਆਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਪਹਿਲਾਂ ਜਨਰਲ ਵਰਗ ਤੇ ਹੁਣ ਐਸਸੀ ਵਰਗ ਨਾਲ ਧੋਖਾ ਕੀਤਾ ਜਾ ਰਿਹਾ ਹੈ। ਨਵੀਆਂ ਸ਼ਰਤਾਂ ਜੋੜ ਕੇ ਮੁਫਤ ਬਿਜਲੀ ਦੇ ਨਾਂ 'ਤੇ ਧੋਖਾਧੜੀ ਹੋ ਰਹੀ ਹੈ।
ਇਹ ਵੀ ਪੜ੍ਹੋ: Instagram Down: ਭਾਰਤ ਸਮੇਤ ਦੁਨੀਆ ਭਰ 'ਚ ਇੰਸਟਾਗ੍ਰਾਮ ਡਾਊਨ, ਯੂਜ਼ਰਸ ਨੂੰ ਝਲਣੀ ਪਈ ਪ੍ਰੇਸ਼ਾਨੀ ਕਰਕੇ ਸੋਸ਼ਲ ਮੀਡੀਆ 'ਤੇ ਆਏ ਰਿਐਕਸ਼ਨ