Punjab News: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ ਐਸ ਪੀ ਸੀ ਐਲ) ਦੇ ਰੋਜ਼ਾਨਾ ਕੰਮਕਾਜ ਦਾ ਕੰਟਰੋਲ ਬੰਗਲੌਰ ਆਧਾਰਿਤ ਪ੍ਰਾਈਵੇਟ ਕੰਪਨੀ ਹਵਾਲੇ ਕਰ ਕੇ ਪੰਜਾਬ ਵਿੱਚ ਬਿਜਲੀ ਖੇਤਰ ਵਿਚ ਮਨੁੱਖ ਦਾ ਖੜ੍ਹਾ ਕੀਤਾ ਸੰਕਟ ਆਪ ਸਹੇੜ ਲਿਆ ਹੈ ਅਤੇ ਸਰਕਾਰ ਬਿਜਲੀ ਨਿਗਮ ਦੇ 2600 ਕਰੋੜ ਰੁਪਏ ਦੇ ਬਕਾਏ ਜਾਰੀ ਕਰਨ ਤੋਂ ਵੀ ਇਨਕਾਰੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਤਾਜ਼ਾ ਖੁਲ੍ਹਾਸਾ ਹੋਇਆ ਹੈ ਕਿ ਬੰਗਲੌਰ ਆਧਾਰਿਤ ਪ੍ਰਾਈਵੇਟ ਕੰਸਲਟੈਂਟ ਅਨੁਪਮ ਜੋਸ਼ੀ ਪੀ ਐਸ ਪੀ ਸੀ ਐਲ ਦੇ ਰੋਜ਼ਾਨਾ ਕੰਮਕਾਜ ਵਿਚ ਦਖਲ ਦੇ ਰਹੇ ਹਨ ਜੋ ਬਹੁਤ ਹੀ ਹੈਰਾਨੀ ਵਾਲੀ ਤੇ ਨਿੰਦਣਯੋਗ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਦਾਅਵਾ ਪੀ ਐਸ ਈ ਬੀ ਇੰਜੀਨੀਅਰਜ਼ ਐਸੋਸੀਏਸ਼ਨ ਨੇ ਕੀਤਾ ਹੈ ਜੋ ਪੀ ਐਸ ਪੀ ਸੀ ਐਲ ਦੇ ਇੰਜੀਨੀਅਰਜ਼ ਦੀ ਜਥੇਬੰਦੀ ਹੈ।
ਉਹਨਾਂ ਕਿਹਾ ਕਿ ਅਸੀਂ ਪਹਿਲਾਂ ਵੀ ਵੇਖਿਆ ਸੀ ਕਿ ਕਿਵੇਂ ਇਕ ਪ੍ਰਾਈਵੇਟ ਕੰਸਲਟੈਂਟ ਗੈਰ ਕਾਨੂੰਨੀ ਤੌਰ ’ਤੇ ਕੈਬਨਿਟ ਮੀਟਿੰਗਾਂ ਵਿੱਚ ਭਾਗ ਲੈਂਦਾ ਹੈ ਤੇ ਪੰਜਾਬ ਸਰਕਾਰ ਦੀ ਫੈਸਲਾ ਲੈਣ ਦੀ ਪ੍ਰਕਿਰਿਆ ਵਿਚ ਸ਼ਾਮਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਸਾਹਮਣੇ ਆਇਆ ਹੈ ਕਿ ਇਕ ਪ੍ਰਾਈਵੇਟ ਕੰਸਲਟੈਂਸੀ ਪੀ ਐਸ ਪੀਸੀ ਐਨ ਨੂੰ ਚਲਾ ਰਹੀ ਹੈ।
ਇਹ ਪੀ ਐਸ ਪੀ ਸੀ ਐਲ ਦੀ ਹੋਂਦ ਲਈ ਵੀ ਖਤਰਾ ਹੈ ਤੇ ਇਸ ਤੋਂ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀ ਸਰਕਾਰ ਆਪਣੇ ਦਿੱਲੀ ਵਿਚਲੇ ਸਿਆਸੀ ਆਕਾਵਾਂ ਦੇਹਵਾਲੇ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਗੱਲ ਪੰਜਾਬ ਦੇ ਹਿੱਤਾਂ ਦੇ ਵੀ ਖਿਲਾਫ ਹੈ ਕਿਉਂਕਿ ਪੀ ਐਸ ਪੀ ਸੀ ਐਲ ਕੋਲ ਫੰਡਾਂ ਦੀ ਤੋਟ ਹੈ ਜਿਸ ਕਾਰਨ ਉਹ ਵੱਧ ਵਿਆਜ਼ ਦਰਾਂ ’ਤੇ ਕਰਜ਼ਾ ਲੈਣ ਲਈ ਮਜ਼ਬੂਰ ਹੈ।
ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਨੇ ਇਹ ਮਨੁੱਖ ਵੱਲੋਂ ਪੈਦਾ ਕੀਤਾ ਸੰਕਟ ਆਪ ਸਹੇੜਿਆ ਹੈ। ਉਹਨਾਂ ਕਿਹਾ ਕਿ ਇਸਦੇ ਨਤੀਜੇ ਬਹੁਤ ਮੰਦਭਾਗੇ ਹੋਣਗੇ। ਉਹਨਾਂ ਕਿਹਾ ਕਿ ਪੀ ਐਸ ਪੀ ਸੀ ਐਲ ਦਾ ਢਹਿ ਢੇਰੀ ਹੋਣਾ ਪੰਜਾਬ ਵਿਚ ਖੇਤੀਬਾੜੀ ਤੇ ਸਨੱਅਤੀ ਖੇਤਰ ਲਈ ਤਬਾਹਕੁੰਨ ਸਾਬਤ ਹੋਵੇਗਾ ਅਤੇ ਇਸ ਨਾਲ ਆਮ ਆਦਮੀ ਵਾਸਤੇ ਵੀ ਬਹੁਤ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਹੋਣਗੀਆਂ।
ਮਜੀਠੀਆ ਨੇ ਕਿਹਾ ਕਿ ਇਸ ਵੇਲੇ ਪੰਜਾਬ ਸਰਕਾਰ ਨੇ ਸਰਕਾਰੀ ਅਦਾਰਿਆਂ ਦੇ ਬਿਜਲੀ ਬਿੱਲਾਂ ਦੇ 2600 ਕਰੋੜ ਰੁਪਏ ਪੀ ਐਸ ਪੀ ਸੀ ਐਲ ਨੂੰ ਦੇਣੇ ਹਨ। ਇਸ ਵਿਚ ਸਬਸਿਡੀ ਦੀ ਬਕਾਇਆ ਰਕਮ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਫੰਡਾਂ ਦੀ ਘਾਟ ਕਾਰਨ ਨਿਗਮ ਆਮ ਰੁਟੀਨ ਦੀ ਮੁਰੰਮਤ ਕਰਵਾਉਣ ਤੋਂ ਵੀ ਵਾਂਝਾ ਹੈ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਸੂਬੇ ਦੇ ਇਤਿਹਾਸ ਵਿਚ ਪਹਿਲੀਵਾਰ ਸਰਦੀਆਂ ਵਿਚ ਵੀ ਬਿਜਲੀ ਕੱਟ ਲੱਗੇ ਹਨ। ਉਹਨਾਂ ਕਿਹਾ ਕਿ ਹੁਣ ਝੋਨੇ ਦੇ ਸੀਜ਼ਨ ਵਿਚ ਅਜਿਹੇ ਹੀ ਕੱਟ ਕਿਸਾਨਾਂ ਲਈ ਅਤੇ ਸੂਬੇ ਦੀ ਖੇਤੀ ਆਰਥਿਕਤਾ ਲਈ ਤਬਾਹਕੁੰਨ ਸਾਬਤ ਹੋਣਗੇ।
ਮਜੀਠੀਆ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਪੀ ਐਸ ਪੀ ਸੀ ਐਲ ਦਾ ਕੰਮ ਲੀਹ ’ਤੇ ਪਾਉਣ ਤੇ ਇਸ ਨੂੰ ਬਕਾਇਆ ਪੈਸੇ ਦੀ ਅਦਾਇਗੀ ਕਰਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਸਿਖਰਲੇ ਅਹੁਦੇ ਭਰਨ ਅਤੇ ਨਿਗਮ ਵਿਚ ਬਾਹਰਲੀ ਦਖਲਅੰਦਾਜ਼ੀ ਬੰਦ ਕਰਨ ਸਮੇਤ ਚੁੱਕੇ ਮੁੱਦੇ ਵੀ ਹੱਲ ਕੀਤੇ ਜਾਣ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਪੀ ਐਸ ਪੀ ਸੀ ਐਲ ਦੇਸ਼ ਦੀ ਨੰਬਰ ਇਕ ਬਿਜਲੀ ਕੰਪਨੀ ਸੀ ਤੇ ਅਸੀਂ ਇਹ ਨਹੀਂ ਸਹਿ ਸਕਦੇ ਕਿ ਇਹ ਢਹਿ ਢੇਰੀ ਹੋ ਜਾਵੇ।