ਸੰਗਰੂਰ : ‘ਆਪ’ ਸਰਕਾਰ ਤਿੰਨ ਮਹੀਨਿਆਂ ਵਿੱਚ ਹੀ ਕਰੋੜਾਂ ਰੁਪਏ ਇਸ਼ਤਿਹਾਰਾਂ ਉੱਪਰ ਖਰਚ ਕੇ ਸਵਾਲਾਂ ਦੇ ਕਟਹਿਰੇ ਵਿੱਚ ਆ ਗਈ ਹੈ। ਵਿਰੋਧੀ ਧਿਰਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਗਾਤਾਰ ਘੇਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ‘ਆਪ’ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ‘ਆਪ’ ਸਰਕਾਰ ਨੇ ਇੱਕ ਮਹੀਨੇ ਵਿੱਚ 24 ਕਰੋੜ 40 ਲੱਖ ਰੁਪਏ ਇਸ਼ਤਿਹਾਰਾਂ ’ਤੇ ਖਰਚ ਕੇ ਪ੍ਰਚਾਰ ਮੁਹਿੰਮ ਤਹਿਤ ਲੋਕਾਂ ਸਾਹਮਣੇ ਇਹ ਭਰਮ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਕਿ ਸੂਬੇ ਵਿੱਚ ਰਿਕਾਰਡ ਤੋੜ ਵਿਕਾਸ ਹੋ ਰਿਹਾ ਹੈ।

ਉਨ੍ਹਾਂ ਆਖਿਆ ਕਿ ਸਰਕਾਰ ਨਾ ਸਿਰਫ਼ ਵਿਕਾਸ ਸਗੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਮੁੱਦੇ ’ਤੇ ਵੀ ਅਸਫ਼ਲ ਸਾਬਤ ਹੋਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਤਿੰਨ ਮਹੀਨਿਆਂ ਵਿੱਚ ਹੀ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਾਅਦੇ ਅਨੁਸਾਰ ਬੀਬੀਆਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ ਤੇ 300 ਯੂਨਿਟ ਬਿਜਲੀ ਹਰ ਮਹੀਨੇ ਮੁਫ਼ਤ ਦੇਣ ਵਿੱਚ ਵੀ ਨਾਕਾਮ ਰਹੀ ਹੈ।

'ਆਪ' ਸਰਕਾਰ ਪ੍ਰਚਾਰ ਦੀ ਆਕਸੀਜਨ 'ਤੇ ਚੱਲ ਰਹੀ: ਰਾਜਾ ਵੜਿੰਗ


ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਪੰਜਾਬ ਵਿੱਚ 'ਆਪ' ਸਰਕਾਰ ਪ੍ਰਚਾਰ ਦੀ ਆਕਸੀਜਨ 'ਤੇ ਚੱਲ ਰਹੀ ਹੈ, ਇਹ ਰੋਜ਼ਾਨਾ ਲਗਪਗ ਇੱਕ ਕਰੋੜ ਰੁਪਏ ਇਸ਼ਤਿਹਾਰਾਂ 'ਤੇ ਖਰਚ ਕਰਦੀ ਹੈ। ਜਿਵੇਂ ਹੀ ਜਿਉਂਦੇ ਰਹਿਣ ਲਈ ਇਸ ਕੋਲ ਕੁਝ ਵੀ ਭਰੋਸੇਮੰਦ ਨਹੀਂ, ਇਹ ਆਪਣੇ 'ਆਕਸੀਜਨ ਪੱਧਰ' ਨੂੰ ਕਾਇਮ ਰੱਖਣ ਲਈ ਕਰੋੜਾਂ ਵਿੱਚ 'ਪੰਪਿੰਗ' ਕਰਦੀ ਰਹਿੰਦੀ ਹੈ। ਪਹਿਲੇ ਮਹੀਨੇ 24 ਕਰੋੜ ਖਰਚੇ; ਯਕੀਨੀ ਤੌਰ 'ਤੇ ਚੰਗੀ ਸਿਹਤ ਦੀ ਨਿਸ਼ਾਨੀ ਨਹੀਂ ਹੈ।