ਚੰਡੀਗੜ੍ਹ: ਪੰਜਾਬ 'ਚ ਕੈਪਟਨ ਸਰਕਾਰ ਵੇਲੇ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਭਗਵੰਤ ਮਾਨ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਸਾਧੂ ਸਿੰਘ ਧਰਮਸੋਤ ਖਿਲਾਫ਼ ਭਗਵੰਤ ਮਾਨ ਸਰਕਾਰ ਦੀ ਕਾਰਵਾਈ ਨੂੰ ਪ੍ਰਾਪੇਗੰਡਾ ਦੱਸਿਆ ਹੈ। ਪਰਗਟ ਸਿੰਘ ਨੇ ਕਿਹਾ ਕਿ ਆਪ ਸਰਕਾਰ ਨੇ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਇਹ ਕਾਰਵਾਈ ਕੀਤੀ ਹੈ। ਮਰਹੂਮ ਸਿੱਧੂ ਮੂਸੇਵਾਲਾ ਕੇਸ ਵਿੱਚ ਪੁਲਿਸ ਵੱਲੋਂ ਕੋਈ ਗ੍ਰਿਫਤਾਰੀ ਅਜੇ ਤੱਕ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਤੋਂ ਪਹਿਲਾਂ ਵੀ ਸਰਕਾਰ ਮਾਹੌਲ ਬਣਾ ਰਹੀ ਹੈ। ਸੰਗਰੂਰ ਭਗਵੰਤ ਮਾਨ ਦਾ ਹਲਕਾ ਹੋਣ ਕਾਰਨ ਉੱਥੋਂ ਪਾਰਟੀ ਹਰ ਹਾਲ ਜਿੱਤ ਦਰਜ ਕਰਨਾ ਚਾਹੁੰਦੀ ਹੈ। ਉਧਰ ਸਾਧੂ ਸਿੰਘ ਧਰਮਸੋਤ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਭਰਾ ਮੰਗਤ ਰਾਮ ਤੇ ਭੈਣ ਨੇ ਕਿਹਾ ਕਿ ਇਹ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਵਿਜੀਲੈਂਸ ਦੀ ਟੀਮ ਕੰਧਾਂ ਟੱਪ ਕੇ ਅੰਦਰ ਦਾਖਲ ਹੋਈ ਹੈ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਬੇਟੀ ਬੱਬੂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਿੱਧੂ ਮੂਸੇ ਵਾਲਾ ਕਾਂਡ ਦਬਣ ਲਈ ਇਹ ਕੁਝ ਕਰ ਰਹੇ ਹਨ। ਦੱਸ ਦੇਈਏ ਕਿ ਵਿਜੀਲੈਂਸ ਬਿਊਰੋ ਨੇ ਅੱਜ ਸਵੇਰੇ ਤਿੰਨ ਵਜੇ ਸਾਧੂ ਸਿੰਘ ਧਰਮਸੋਤ ਤੇ ਉਸ ਦੇ ਦੋ ਸਾਥੀਆਂ ਨੂੰ ਅਮਲੋਹ ਤੋਂ ਚੁੱਕਿਆ ਹੈ। ਧਰਮਸੋਤ 'ਤੇ ਰੁੱਖਾਂ ਦੀ ਕਟਾਈ ਦੇ ਬਦਲੇ ਰਿਸ਼ਵਤ ਲੈਣ ਦਾ ਦੋਸ਼ ਹੈ। ਵਿਜੀਲੈਂਸ ਬਿਊਰੋ ਨੇ ਮੋਹਾਲੀ ਦੇ ਕੁਝ ਜੰਗਲਾਤ ਅਫਸਰਾਂ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਰੰਗੇ ਹੱਥੀਂ ਕਾਬੂ ਕੀਤਾ ਸੀ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਧਰਮਸੋਤ ਦਰੱਖਤ ਕੱਟਣ ਲਈ 500 ਰੁਪਏ ਰਿਸ਼ਵਤ ਲੈਂਦਾ ਸੀ। ਇਸ ਤੋਂ ਇਲਾਵਾ ਨਵੇਂ ਰੁੱਖ ਲਗਾਉਣ ਲਈ ਵੀ ਰਿਸ਼ਵਤ ਲਈ ਗਈ। ਜਿਸ ਦਾ ਹਿੱਸਾ ਵੀ ਸਿੱਧਾ ਤਤਕਾਲੀ ਮੰਤਰੀ ਧਰਮਸੋਤ ਕੋਲ ਗਿਆ। ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ 'ਚ ਘਿਰੇ ਧਰਮਸੋਤਸਾਧੂ ਸਿੰਘ ਧਰਮਸੋਤ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਵਿੱਚ ਘਿਰੇ ਹੋਏ ਰਹੇ ਹਨ। ਉਨ੍ਹਾਂ ਦੇ ਸਮਾਜਿਕ ਸੁਰੱਖਿਆ ਮੰਤਰੀ ਦੇ ਕਾਰਜਕਾਲ ਦੌਰਾਨ ਦੋਸ਼ ਲੱਗੇ ਸਨ ਕਿ ਵਜ਼ੀਫੇ ਦਾ ਪੈਸਾ ਨਿੱਜੀ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਗਲਤ ਤਰੀਕੇ ਨਾਲ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਇਸ ਦੇ ਬਾਵਜੂਦ ਤਤਕਾਲੀ ਕੈਪਟਨ ਸਰਕਾਰ ਨੇ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਸੀ।
ਸਿੱਧੂ ਮੂਸੇਵਾਲਾ ਕਤਲ ਕੇਸ 'ਚ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ, ਹੁਣ ਆਪ' ਸਰਕਾਰ ਨੇ ਨਾਕਾਮੀ ਲੁਕਾਉਣ ਲਈ ਧਰਮਸੋਤ ਖਿਲਾਫ਼ ਕਾਰਵਾਈ ਕੀਤੀ, ਪਰਗਟ ਸਿੰਘ ਦਾ ਤਿੱਖਾ ਵਾਰ
ਏਬੀਪੀ ਸਾਂਝਾ | shankerd | 07 Jun 2022 12:38 PM (IST)
ਪੰਜਾਬ 'ਚ ਕੈਪਟਨ ਸਰਕਾਰ ਵੇਲੇ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਭਗਵੰਤ ਮਾਨ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ।
Pargat Singh