Punjab News: ਪੰਜਾਬ ਸਰਕਾਰ ਵੱਲੋਂ ਹੁਣ ਨਵਾਂ ਕਰਜ਼ਾ ਲਿਆ ਜਾਵੇਗਾ ਜਿਸ ਨੂੰ ਲੈ ਵਿਰੋਧੀ ਧਿਰਾਂ ਲਗਾਤਾਰ ਨਿਸ਼ਾਨੇ ਸਾਧ ਰਹੀਆਂ ਹਨ ਪਰ ਹੁਣ ਇਸ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੱਖ ਵੀ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਚੀਮਾ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ 8500 ਕਰੋੜ ਦਾ ਕਰਜ਼ਾ ਅਗਲੇ ਤਿੰਨ ਮਹੀਨਿਆਂ ਵਿਚ ਲਿਆ ਜਾਵੇਗਾ। ਇਸ ਤੋਂ ਬਾਅਦ ਹੁਣ ਲਗਾਤਾਰ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ।
ਇਸ ਨੂੰ ਲੈ ਕੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਭਗਵੰਤ ਮਾਨ ਦੀ ਸਰਕਾਰ ਨਾ ਸਿਰਫ਼ ਪੰਜਾਬ ਨੂੰ ਕਰਜ਼ੇ ਵਿੱਚ ਡੁਬੋ ਰਹੀ ਹੈ — ਉਲਟਾ ਇਸਦੀ ਖੁਸ਼ੀ ਵੀ ਮਨਾ ਰਹੀ ਹੈ ! 3 ਸਾਲ ਪਹਿਲਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਗਾਰੰਟੀ ਦਿੱਤੀ ਸੀ ਕਿ ਪੰਜਾਬ ਨੂੰ ਕਰਜ਼ਾ ਮੁਕਤ ਬਣਾਇਆ ਜਾਵੇਗਾ ਅਤੇ ਭ੍ਰਿਸ਼ਟਾਚਾਰ ਤੇ ਗੈਰਕਾਨੂੰਨੀ ਮਾਈਨਿੰਗ ਖਤਮ ਕਰਕੇ ਹਰ ਸਾਲ ₹54,000 ਕਰੋੜ ਰੁਪਏ ਖ਼ਜ਼ਾਨੇ ਵਿੱਚ ਲਿਆਂਦੇ ਜਾਣਗੇ। ਅੱਜ ਓਹ ਸਾਰੇ ਜੁਮਲੇ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੇ ਹਨ। ਭਾਜਪਾ ਨੇ ਦੇਸ਼ ਨੂੰ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਸਿਰਫ਼ ਕਰਜ਼ਾ ਅਤੇ ਜੁਮਲੇ ਹੀ ਦਿੱਤੇ ਹਨ।
8,500 ਕਰੋੜ ਦਾ ਕਰਜ਼ਾ ਚੁੱਕਣ ਦੀ ਤਿਆਰੀ
ਜ਼ਿਕਰ ਕਰ ਦਈਏ ਕਿ ਲੰਘੇ ਦਿਨ ਵੀ ਵਿਧਾਇਕ ਪਰਗਟ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਸੀ ਕਿ Bhagwant Mann ਸਰਕਾਰ ਪੰਜਾਬ ਦੇ ਅਸਲ ਮਸਲਿਆਂ ਤੋਂ ਧਿਆਨ ਹਟਾ ਕੇ ਚੁੱਪਚਾਪ ਪੰਜਾਬ ਨੂੰ ਕਰਜ਼ੇ ਵਿੱਚ ਹੋਰ ਡੁੱਬੋ ਰਹੀ ਹੈ।ਜੁਲਾਈ ਤੋਂ ਸਤੰਬਰ ਤੱਕ ਭਗਵੰਤ ਮਾਨ ਸਰਕਾਰ ₹8,500 ਕਰੋੜ ਦਾ ਕਰਜ਼ਾ ਚੁੱਕਣ ਦੀ ਤਿਆਰੀ 'ਚ ਹੈ — ਮਤਲਬ ਹਰ ਰੋਜ਼ ₹92 ਕਰੋੜ ਦਾ ਕਰਜ਼ਾ! ਹਰ ਹਫ਼ਤੇ ₹500 ਤੋਂ ₹1500 ਕਰੋੜ ਤੱਕ ਨਵਾਂ ਕਰਜ਼ਾ ਲਿਆ ਜਾਵੇਗਾ। Arvind Kejriwal ਪੰਜਾਬੀਆਂ ਨੂੰ ਇਹ ਵੀ ਦੱਸਣ — ਕਿ ਹਰ ਸਾਲ 54,000 ਕਰੋੜ ਰੁਪਏ 'ਗੈਰ ਕਾਨੂੰਨੀ ਮਾਈਨਿੰਗ' ਅਤੇ 'ਭ੍ਰਿਸ਼ਟਾਚਾਰ ਰੋਕਣ' ਦੀ ਗਾਰੰਟੀ ਨਾਲ ਖ਼ਜ਼ਾਨੇ ਵਿੱਚ ਲਿਆਉਣ ਵਾਲਾ ਜੁਮਲਾ ਕਿੱਥੇ ਗਿਆ?