ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਸੰਕਟ ਗਹਿਰਾ ਗਿਆ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੂਰੇ ਦੇਸ਼ ਵਿੱਚੋਂ ਪੰਜਾਬ ਤੋਂ ਚਾਰ ਸੰਸਦੀ ਸੀਟਾਂ ਜਿੱਤਣ ਵਾਲੀ 'ਆਪ' ਹੁਣ ਆਪਣੀ ਡੁੱਬਦੀ ਬੇੜੀ ਬਚਾਉਣ ਲਈ ਜੱਦੋ-ਜਹਿਦ ਕਰ ਰਹੀ ਹੈ। ਪਿਛਲੇ ਚਾਰ ਸਾਲਾਂ ਵਿੱਚ 'ਆਪ' ਦੇ ਕਈ ਵੱਡੇ ਨੇਤਾ ਪਾਰਟੀ ਦਾ ਸਾਥ ਛੱਡ ਚੁੱਕੇ ਹਨ ਜਾਂ ਉਨ੍ਹਾਂ ਨੂੰ ਪਾਰਟੀ ਨੇ ਹੀ ਬਾਹਰ ਕਰ ਦਿੱਤਾ ਹੈ। 'ਆਪ' 'ਚ ਅੰਦਰੂਨੀ ਵਿਵਾਦ ਉਦੋਂ ਸ਼ੁਰੂ ਹੋਇਆ, ਜਦ ਮਈ 2015 ਦੌਰਾਨ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਤੇ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਐਮਪੀ ਹਰਿੰਦਰ ਸਿੰਘ ਖ਼ਾਲਸਾ ਨੂੰ 'ਆਪ' ਨੇ ਮੁਅੱਤਲ ਕਰ ਦਿੱਤਾ ਸੀ।
ਇਸ ਮਗਰੋਂ ਅਗਸਤ 2016 ਦੌਰਾਨ ਪੰਜਾਬ ਵਿਧਾਨ ਸਭਾ 2017 ਤੋਂ ਐਨ ਪਹਿਲਾਂ ਪਾਰਟੀ ਦੇ ਤਤਕਾਲੀ ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਰਿਸ਼ਵਤਖੋਰੀ ਦੇ ਇਲਜ਼ਾਮ ਹੇਠ ਬਾਹਰ ਕਰ ਦਿੱਤਾ। ਇਸ ਮਗਰੋਂ 'ਆਪ' ਅਜਿਹੀ ਲੜਖੜਾਈ ਕਿ ਸੰਭਲਣ ਦਾ ਮੌਕਾ ਨਾ ਮਿਲਿਆ। ਸਿਆਸੀ ਮਾਹਰ ਕਹਿੰਦੇ ਹਨ ਕਿ ਛੋਟੇਪੁਰ 'ਆਪ' 'ਚ ਮੌਜੂਦ ਰਹਿੰਦੇ ਤਾਂ ਵਿਧਾਨ ਸਭਾ ਚੋਣਾਂ 'ਚ ਪ੍ਰਦਰਸ਼ਨ ਵੀ ਚੰਗਾ ਰਹਿਣਾ ਸੀ।
20 ਵਿਧਾਇਕਾਂ ਨਾਲ ਮੁੱਖ ਵਿਰੋਧੀ ਧਿਰ ਵਜੋਂ ਸਥਾਪਤ ਹੋਈ 'ਆਪ' ਦੀ ਚੜ੍ਹਤ ਬਹੁਤਾ ਸਮਾਂ ਨਾ ਚੱਲੀ ਤੇ ਸਾਲ 2018 ਚੜ੍ਹਦਿਆਂ ਪਾਰਟੀ ਤੇ ਉਦੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਵਿਚਕਾਰ ਕਲੇਸ਼ ਵਧਣ ਲੱਗਾ। ਆਖ਼ਰ ਖਹਿਰਾ ਨੇ 'ਆਪ' ਦੇ ਕਈ ਵਿਧਾਇਕ ਆਪਣੇ ਨਾਲ ਰਲਾ ਲਏ ਤੇ ਪੰਜਾਬ ਵਿੱਚ ਵੱਖ-ਵੱਖ ਥਾਂਈਂ ਵੱਡੇ ਇਕੱਠ ਕੀਤੇ, ਪਰ ਗੱਲ ਨਾ ਬਣੀ। ਸੁਖਪਾਲ ਖਹਿਰਾ ਨੇ ਪੰਜਾਬ ਏਕਤਾ ਪਾਰਟੀ ਕਾਇਮ ਕਰ ਲਈ ਤੇ ਹੁਣ ਉਹ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਤਹਿਤ ਬਠਿੰਡਾ ਤੋਂ ਲੋਕ ਸਭਾ ਚੋਣ ਲੜ ਰਹੇ ਹਨ। ਖਹਿਰਾ ਨਾਲ ਰਲ 'ਆਪ' ਦੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਫਰੀਦਕੋਟ ਤੋਂ ਤੇ ਡਾ. ਧਰਮਵੀਰ ਗਾਂਧੀ ਪੀਡੀਏ ਦੇ ਉਮੀਦਵਾਰ ਹਨ।
ਸਾਲ 2018 ਦੌਰਾਨ ਪਾਰਟੀ ਦੇ ਪ੍ਰਮੁੱਖ ਨੇਤਾ ਤੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਵੀ ਸਿਆਸਤ ਤੋਂ ਕਿਨਾਰਾ ਕਰ ਲਿਆ। ਨਵਾਂ ਵਿੱਤੀ ਵਰ੍ਹਾ ਚੜ੍ਹਦੇ ਹੀ ਫੰਡਾਂ ਨਾਲ ਜੂਝ ਰਹੀ 'ਆਪ' ਨੂੰ ਦੋ ਵਿਧਾਇਕਾਂ ਨਾਜਰ ਸਿੰਘ ਮਾਨਸ਼ਾਹੀਆ ਤੇ ਅਮਰਜੀਤ ਸਿੰਘ ਸੰਦੋਆ ਨੇ ਅਲਵਿਦਾ ਕਹਿ ਦਿੱਤਾ। ਹੁਣ ਪਾਰਟੀ ਕੋਲ 20 ਵਿੱਚੋਂ 15 ਵਿਧਾਇਕ ਰਹਿ ਗਏ ਹਨ। ਤਿੰਨ ਸਾਲਾਂ ਦੇ ਅੰਦਰ-ਅੰਦਰ ਪਾਰਟੀ 'ਚੋਂ ਪੰਜ ਵਿਧਾਇਕਾਂ ਦੇ ਚਲੇ ਜਾਣ ਨਾਲ ਯਕੀਨਨ ਹੋਰਨਾਂ ਦੇ ਮਨੋਬਲ 'ਤੇ ਵੀ ਅਸਰ ਪੈਂਦਾ ਹੈ ਤੇ ਲੋਕਾਂ ਵਿੱਚ ਅਕਸ ਵੀ ਖਰਾਬ ਹੁੰਦਾ ਹੈ।
ਸੂਤਰਾਂ ਮੁਤਾਬਕ ਹੋਰ 'ਆਪ' ਵਿਧਾਇਕ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ। ਜੇਕਰ ਇਹ ਹੁੰਦਾ ਹੈ ਤਾਂ ਪਾਰਟੀ ਦਾ ਸੰਕਟ ਹੋਰ ਵੀ ਡੂੰਘਾ ਹੋ ਜਾਵੇਗਾ। ਲੋਕ ਸਭਾ ਚੋਣਾਂ ਸਿਰ 'ਤੇ ਹੋਣ ਕਾਰਨ 'ਆਪ' ਦਾ ਇਹ ਅੰਦਰੂਨੀ ਕਲੇਸ਼ ਪਾਰਟੀ ਦੇ ਪ੍ਰਦਰਸ਼ਨ 'ਤੇ ਕਿੰਨਾ ਕੁ ਅਸਰ ਪਾਵੇਗਾ, ਇਹ ਕੁਝ ਹਫ਼ਤਿਆਂ ਵਿੱਚ ਸਾਫ ਹੋ ਜਾਣਾ ਹੈ। ਆਉਂਦੀ 19 ਮਈ ਨੂੰ ਪੰਜਾਬ ਵਿੱਚ ਵੋਟਾਂ ਪੈਣੀਆਂ ਹਨ ਤੇ 23 ਮਈ ਨੂੰ ਨਤੀਜੇ ਐਲਾਨੇ ਜਾਣਗੇ।
ਅੰਦਰੂਨੀ ਕਲੇਸ਼ ਕਰਕੇ ਦਮ ਤੋੜ ਰਹੀ ਆਮ ਆਦਮੀ ਪਾਰਟੀ, 23 ਮਈ ਮਗਰੋਂ ਹੋਏਗਾ ਧਮਾਕਾ
ਏਬੀਪੀ ਸਾਂਝਾ
Updated at:
05 May 2019 03:34 PM (IST)
ਲੋਕ ਸਭਾ ਚੋਣਾਂ ਸਿਰ 'ਤੇ ਹੋਣ ਕਾਰਨ 'ਆਪ' ਦਾ ਇਹ ਅੰਦਰੂਨੀ ਕਲੇਸ਼ ਪਾਰਟੀ ਦੇ ਪ੍ਰਦਰਸ਼ਨ 'ਤੇ ਕਿੰਨਾ ਕੁ ਅਸਰ ਪਾਵੇਗਾ, ਇਹ ਕੁਝ ਹਫ਼ਤਿਆਂ ਵਿੱਚ ਸਾਫ ਹੋ ਜਾਣਾ ਹੈ।
- - - - - - - - - Advertisement - - - - - - - - -