ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਲੱਗੇ ਝਟਕੇ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਮੁੜ ਪੈਰ ਜਮਾਉਣ ਲਈ ਸਰਗਰਮ ਹੋ ਗਈ ਹੈ। ਪਾਰਟੀ ਨੇ ਦਿੱਲੀ ਦੀ ਤਰਜ਼ 'ਤੇ ਸਿੱਧਾ ਲੋਕਾਂ ਦੀ ਕਚਹਿਰੀ ਵਿੱਚ ਜਾਣ ਦੀ ਰਣਨੀਤੀ ਘੜੀ ਹੈ। 'ਬਿਜਲੀ ਅੰਦੋਲਨ' ਮਗਰੋਂ ਹੁਣ ਪਾਰਟੀ ਨੇ ‘ਆਮ ਆਦਮੀ ਆਰਮੀ’ ਬਣਾਉਣ ਦਾ ਐਲਾਨ ਕੀਤਾ ਹੈ। ਇਸ ਦਾ ਮਕਸਦ ਪਿੰਡ ਪੱਧਰ 'ਤੇ ਲੋਕਾਂ ਨੂੰ ਪਾਰਟੀ ਨਾਲ ਜੋੜਨਾ ਹੈ।

ਪਾਰਟੀ ਸੂਤਰਾਂ ਮੁਤਾਬਕ ‘ਆਮ ਆਦਮੀ ਆਰਮੀ’ ਤਹਿਤ ਪਿੰਡ ਪੱਧਰ ਤਕ ‘ਫੌਜ’ ਦਾ ਗਠਨ ਕੀਤਾ ਜਾਵੇਗਾ। ਹਰੇਕ ਪਿੰਡ ਵਿੱਚ ਇੱਕ-ਇੱਕ ‘ਸੈਨਾਪਤੀ’ ਵੀ ਨਿਯੁਕਤ ਕੀਤਾ ਜਾਵੇਗਾ। ਪਾਰਟੀ ਨੇ ਇਸ ਨਾਮ ਹੇਠ ਸੂਬਾ ਪੱਧਰੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਟ੍ਰਿਪਲ ਏ (ਆਮ ਆਦਮੀ ਆਰਮੀ) ਦੀ ਮੈਂਬਰਸ਼ਿਪ ਮੁਹਿੰਮ ਦਾ ਐਲਾਨ ਕੀਤਾ। ‘ਆਮ ਆਦਮੀ ਆਰਮੀ’ ਦੇ ਮਿਸ਼ਨ ਤੇ ਉਦੇਸ਼ਾਂ ਬਾਰੇ ਬਾਕਾਇਦਾ ਕਿਤਾਬਚਾ ਤੇ ਰਿਕਾਰਡ ਬੁੱਕ ਜਾਰੀ ਕੀਤੀ ਗਈ।

ਭਗਵੰਤ ਮਾਨ ਦਾ ਕਹਿਣਾ ਹੈ ਕਿ ਮੈਂਬਰਸ਼ਿਪ ਮੁਹਿੰਮ ਦੌਰਾਨ ਹਰ ਪਿੰਡ ਤੇ ਸ਼ਹਿਰ-ਮੁਹੱਲੇ ਵਿੱਚ ਆਮ ਆਦਮੀ ਆਰਮੀ ਦੀ ਟੀਮ ਆਪਣੇ ਲੀਡਰ ਦੀ ਖ਼ੁਦ ਚੋਣ ਕਰੇਗੀ। ਉਨ੍ਹਾਂ ਕਿਹਾ ਕਿ ਬਾਦਲਾਂ ਤੇ ਕੈਪਟਨ ਦੇ ਕਥਿਤ ਮਾਫ਼ੀਆ ਰਾਜ ਖ਼ਿਲਾਫ਼ ਆਮ ਆਦਮੀ ਆਰਮੀ ਦੇ ਯੋਧੇ ਸਿਵਲ ਆਰਮੀ ਵਾਂਗ ਲੜਨਗੇ। ਭਗਵੰਤ ਮਾਨ ਨੇ 39 ਅਬਜ਼ਰਵਰਾਂ ਤੇ 3 ਕੋ-ਅਬਜ਼ਰਵਰਾਂ ਦੀ ਸੂਚੀ ਵੀ ਜਾਰੀ ਕੀਤੀ।

ਉਨ੍ਹਾਂ ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਸੂਬਾ ਕਮੇਟੀ ਦਾ ਐਲਾਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਹਰੇਕ ਅਬਜ਼ਰਵਰ 3 ਵਿਧਾਨ ਸਭਾ ਹਲਕਿਆਂ ਦੀ ਨਿਗਰਾਨੀ ਕਰੇਗਾ। ਇਨ੍ਹਾਂ ਉੱਪਰ ਸੂਬਾ ਕਮੇਟੀ ਨਿਗਰਾਨ ਵਜੋਂ ਕੰਮ ਕਰੇਗੀ। ਇਹ ਟੀਮ ਆਮ ਆਦਮੀ ਆਰਮੀ ਮੈਂਬਰਸ਼ਿਪ ਮੁਹਿੰਮ ਦੇ ਨਾਲ-ਨਾਲ ਬਿਜਲੀ ਮੋਰਚੇ ਤੇ ਭਵਿੱਖ ਦੀਆਂ ਹੋਰ ਗਤੀਵਿਧੀਆਂ ਲਈ ਸਰਗਰਮ ਰਹੇਗੀ।