ਚੰਡੀਗੜ੍ਹ: ਸੀਨੀਅਰ ‘ਆਪ’ ਲੀਡਰ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਾਂਗਰਸ ’ਤੇ ਤਿੱਖੇ ਵਾਰ ਕੀਤੇ। ਉਨ੍ਹਾਂ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਨਿਆਂ ਵਿਵਸਥਾ ਫ਼ੇਲ੍ਹ ਹੋਣ ਲਈ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ। ਅੰਮ੍ਰਿਤਸਰ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ‘ਆਪ’ ਲੀਡਰ ਸੁਰੇਸ਼ ਸ਼ਰਮਾ ਨਾਲ ਮੁਲਾਕਾਤ ਉਪਰੰਤ ਅਰੋੜਾ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਵੱਲੋਂ ਸੂਹ ਦੇਣ ਦੇ ਬਾਵਜੂਦ ਸੂਬੇ ਵਿੱਚ ਤਿੰਨ ਦਿਨਾਂ ਅੰਦਰ ਲਗਾਤਾਰ ਤਿੰਨ ਵੱਡੀਆਂ ਘਟਨਾਵਾਂ ਹੋਈਆਂ। ਇਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਗੂੜ੍ਹੀ ਨੀਂਦ ਸੁੱਤੀ ਹੈ ਤੇ ਉਸ ਨੇ ਲੋਕਾਂ ਨੂੰ ਰੱਬ ਆਸਰੇ ਹੀ ਛੱਡ ਦਿੱਤਾ ਹੈ।


ਅਰੋੜਾ ਨੇ ਕਿਹਾ ਕਿ ਜੇ ਸਰਕਾਰ ਲੋਕਾਂ ਦੀ ਸੁਰੱਖਿਆ ਸਬੰਧੀ ਗੰਭੀਰ ਹੁੰਦੀ ਤਾਂ ਅੰਮ੍ਰਿਤਸਰ ਨਜ਼ਦੀਕ ਬੰਬ ਧਮਾਕਾ, ਪੰਜਾਬ ਦੇ ਸੀਨੀਅਰ ਆਈਏਐਸ ਅਫ਼ਸਰ ਦੇ ਰਿਸ਼ਤੇਦਾਰ ਦਾ ਦਿਨ ਦਿਹਾੜੇ ਕਤਲ ਅਤੇ ‘ਆਪ’ ਆਗੂ ਉੱਤੇ ਜਾਨਲੇਵਾ ਹਮਲੇ ਵਰਗੀਆਂ ਘਟਨਾਵਾਂ ਰੋਕੀਆਂ ਜਾ ਸਕਦੀਆਂ ਸੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਅੰਦਰ ਹੋਈਆਂ ਘਟਨਾਵਾਂ ਸੂਬੇ ਵਿੱਚ ਫੈਲੇ ਜੰਗਲ ਰਾਜ ਵੱਲ ਇਸ਼ਾਰਾ ਕਰਦੀਆਂ ਹਨ। ਪੁਲਿਸ ਤੇ ਸੁਰੱਖਿਆ ਏਜੰਸੀਆਂ ਸੂਬੇ ਦੇ ਲੋਕਾਂ ਨੂੰ ਸੁਰੱਖਿਆ ਦੇਣ ’ਚ ਫ਼ੇਲ੍ਹ ਸਾਬਿਤ ਹੋਈਆਂ ਹਨ।

ਨਿਰੰਕਾਰੀ ਭਵਨ ਬੰਬ ਕੇਸ ਵਿੱਚ ਸ਼ਾਮਿਲ ਵਿਅਕਤੀ ਦੇ ਫੜੇ ਜਾਣ ਸਬੰਧੀ ਅਰੋੜਾ ਨੇ ਕਿਹਾ ਕਿ ਇਹ ਘਟਨਾ ਹੋਣੀ ਹੀ ਨਹੀਂ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ’ਚ ਭਿਆਨਕ ਸਥਿਤੀ ਬਣੀ ਹੋਈ ਹੈ। ਸਰਕਾਰ ਦੀ ਬੇਰੁਖ਼ੀ ਕਾਰਨ ਬੇਰੁਜ਼ਗਾਰ ਨੌਜਵਾਨ ਨਸ਼ੇ ਤੇ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਫਸ ਰਹੇ ਹਨ। ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੇ ਸੂਬੇ ਵਿੱਚ ਨਿਆਂ ਵਿਵਸਥਾ ਨੂੰ ਦਰੁਸਤ ਕਰਨ ਦੇ ਵੱਡੇ-ਵੱਡੇ ਵਾਅਦੇ ਕੀਤੇ ਸੀ, ਪਰ ਹੁਣ ਸਰਕਾਰ ਇਨ੍ਹਾਂ ਸਾਰੇ ਵਾਅਦਿਆਂ ਤੋਂ ਭੱਜ ਰਹੀ ਹੈ।