ਕੈਪਟਨ ਨੂੰ ਗੰਦਾ ਪਾਣੀ ਦੇਣ ਗਏ 'ਆਪ' ਲੀਡਰ ਪੁਲਿਸ ਨੇ ਦਬੋਚੇ
ਏਬੀਪੀ ਸਾਂਝਾ | 30 May 2018 04:03 PM (IST)
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਰਿਆਵਾਂ ਦਾ ਦੂਸ਼ਿਤ ਪਾਣੀ ਦੇਣ ਪੁੱਜੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਚੰਡੀਗੜ੍ਹ ਪੁਲੀਸ ਨੇ ਹਿਰਾਸਤ 'ਚ ਲੈ ਲਿਆ। ਆਮ ਆਦਮੀ ਪਾਰਟੀ ਨੇ ਇਹ ਰੋਸ ਪ੍ਰਦਰਸ਼ਨ ਪੰਜਾਬ ਦੇ ਪਾਣੀਆਂ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਕੀਤਾ ਗਿਆ ਸੀ। ਇਹ ਪ੍ਰਦਰਸ਼ਨ ਪਾਰਟੀ ਦੇ ਉਪ ਪ੍ਰਧਾਨ ਡਾਕਟਰ ਬਲਬੀਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ ਪਰ ਭਗਵੰਤ ਮਾਨ, ਸੁਖਪਾਲ ਖਹਿਰਾ ਤੇ ਹੋਰ ਸੀਨੀਅਰ ਲੀਡਰ ਧਰਨੇ ਵਿੱਚ ਨਹੀਂ ਪੁੱਜੇ। 'ਆਪ' ਲੀਡਰ ਜਦੋਂ ਗੰਦੇ ਪਾਣੀ ਦੀਆਂ ਬੋਤਲਾਂ ਲੈ ਕੇ ਅੱਗੇ ਵਧੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਗੰਦੇ ਪਾਣੀ ਦੀਆਂ ਬੋਤਲਾਂ ਕਬਜ਼ੇ ਵਿੱਚ ਲੈ ਲਈਆਂ। ਇਸ ਮੌਕੇ ਪੁਲਿਸ ਨੇ ਧੱਕੇਸ਼ਾਹੀ ਵੀ ਕੀਤੀ। ਮੀਡੀਆ ਦੀ ਕਵਰੇਜ਼ ਵਿੱਚ ਵੀ ਰੁਕਾਵਟ ਪਾਈ। ਯਾਦ ਰਹੇ ਆਮ ਆਦਮੀ ਪਾਰਟੀ ਦਰਿਆਵਾਂ ਵਿੱਚ ਫੈਕਟਰੀਆਂ ਦੇ ਗੰਦੇ ਪਾਣੀ ਪੈਣ ਦਾ ਵਿਰੋਧ ਕਰ ਰਹੀ ਹੈ।