ਚੰਡੀਗੜ੍ਹ: ''ਲੰਬੇ ਸੰਘਰਸ਼ ਤੇ ਵੱਡੀਆਂ ਕੁਰਬਾਨੀਆਂ ਨਾਲ ਹੋਂਦ 'ਚ ਆਈ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਬਾਦਲ ਪਰਿਵਾਰ ਨੇ ਆਪਣੇ ਸਵਾਰਥ ਲਈ ਮਿੱਟੀ 'ਚ ਮਿਲਾਉਣ ਦੀ ਕੋਈ ਕਸਰ ਨਹੀਂ ਛੱਡੀ। ਐਸਜੀਪੀਸੀ ਦੇ ਜਨਰਲ ਇਜਲਾਸ ਦੀ ਆੜ ਥੱਲੇ ਸੁਖਬੀਰ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗ ਜਿਸ 'ਲਿਫ਼ਾਫ਼ਾ ਕਲਚਰ' ਰਾਹੀਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਵਾਰ ਫਿਰ ਪ੍ਰਧਾਨ ਤੇ ਆਪਣੇ ਖੁਸ਼ਾਮਦੀਦਾਂ ਨੂੰ ਦੂਸਰੀਆਂ ਅਹੁਦੇਦਾਰੀਆਂ ਵੰਡੀਆਂ ਹਨ, ਇਹ ਨਾ ਕੇਵਲ ਸਮੁੱਚੇ ਸਿੱਖ ਪੰਥ ਨਾਲ ਸਗੋਂ ਜਮਹੂਰੀ ਵਿਵਸਥਾ ਨਾਲ ਖਿਲਵਾੜ ਹੈ।''
'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਇਹ ਸਖ਼ਤ ਟਿੱਪਣੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਕੁਲਵੰਤ ਸਿੰਘ ਪੰਡੋਰੀ, ਜੈ ਕਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ ਤੇ ਕੋਰ ਕਮੇਟੀ ਮੈਂਬਰ ਗੁਰਦਿੱਤ ਸਿੰਘ ਸੇਖੋਂ ਤੇ ਹਰਚੰਦ ਸਿੰਘ ਬਰਸਟ ਨੇ ਕੀਤੀ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਦਲਾਂ ਦੇ ਟੱਬਰ ਨੇ ਆਪਣੇ ਸਿਆਸੀ ਤੇ ਨਿੱਜੀ ਮੁਫਾਦਾਂ ਲਈ ਸ਼੍ਰੋਮਣੀ ਕਮੇਟੀ ਨੂੰ ਹਥਿਆਰ ਵਾਂਗ ਵਰਤਿਆ ਹੈ। ਇਸ ਸਵਾਰਥੀ ਨੀਤੀ ਤਹਿਤ ਬਾਦਲ ਪਰਿਵਾਰ ਆਪਣੀ ਜੇਬ 'ਚੋਂ ਪਰਚੀ ਰਾਹੀਂ ਹਮੇਸ਼ਾ ਕਮਜ਼ੋਰ ਨਿਰਭਰ, ਪਰਜੀਵੀ ਤੇ ਨਿਰਾਧਾਰ ਸਖਸ਼ ਨੂੰ ਐਸਜੀਪੀਸੀ ਦੀ ਕਮਾਨ ਸੌਂਪਦੇ ਆਏ ਹਨ। ਪਹਿਲਾਂ ਅਵਤਾਰ ਸਿੰਘ ਮੱਕੜ ਤੇ ਹੁਣ ਗੋਬਿੰਦ ਸਿੰਘ ਲੌਂਗੋਵਾਲ ਇਸ ਦੀ ਸਟੀਕ ਮਿਸਾਲ ਹਨ।
ਪ੍ਰੋ. ਬਲਜਿੰਦਰ ਕੌਰ ਤੇ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬਤੌਰ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਖ਼ੁਸ਼ਾਮਦੀ ਕਰਦਿਆਂ ਬਾਦਲ ਪਰਿਵਾਰ ਲਈ ਵੱਖਰੀ ਸਟੇਜ ਲਵਾ ਕੇ ਗੁਰੂ ਦੀ ਗੋਲਕ ਦੇ ਕਰੋੜਾਂ ਰੁਪਏ ਪਾਣੀ ਵਾਂਗ ਵਹਾਏ, ਉਸ ਬਦਲੇ ਬਾਦਲ ਪਰਿਵਾਰ ਨੇ ਲੌਂਗੋਵਾਲ ਨੂੰ ਪ੍ਰਧਾਨ ਦੇ ਅਹੁਦੇ ਦਾ ਤੋਹਫ਼ਾ ਦਿੱਤਾ ਹੈ।
ਹਰਚੰਦ ਸਿੰਘ ਬਰਸਟ ਤੇ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਭਾਰਤੀ ਲੋਕਤੰਤਰ ਪ੍ਰਣਾਲੀ 'ਚ ਵੀ ਸ਼੍ਰੋਮਣੀ ਕਮੇਟੀ ਦਾ ਉੱਚਾ ਰੁਤਬਾ ਹੈ, ਕਿਉਂਕਿ ਇਹ ਸੰਸਥਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਲੋਕਤੰਤਰਿਕ ਪ੍ਰਣਾਲੀ ਤਹਿਤ 1925 'ਚ ਹੋਂਦ 'ਚ ਆਈ ਸੀ, ਪਰ ਬਾਦਲ ਪਰਿਵਾਰ ਨੇ ਆਪਣੀ ਹਉਮੈ ਤੇ ਸਵਾਰਥ ਲਈ ਐਸਜੀਪੀਸੀ ਅਤੇ ਆਪਣੀ ਪਾਰਟੀ ਸ੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਜਮਹੂਰੀਅਤ ਵੀ ਛਿੱਕੇ 'ਤੇ ਟੰਗ ਦਿੱਤੀ। ਬਹੁਮਤ 'ਚ ਹੋਣ ਦੇ ਬਾਵਜੂਦ ਆਪਣੀ ਪਾਰਟੀ ਦੇ ਐਸਜੀਪੀਸੀ ਮੈਂਬਰਾਂ ਨੂੰ ਪ੍ਰਧਾਨ ਤੇ ਅਹੁਦੇਦਾਰ ਦੀ ਚੋਣ ਲਈ ਹਿੱਸੇਦਾਰ ਬਣਾਉਣਾ ਤਾਂ ਦੂਰ ਪੁੱਛਿਆ ਤੱਕ ਨਹੀਂ ਜਾਂਦਾ।
ਮਨਜੀਤ ਸਿੰਘ ਬਿਲਾਸਪੁਰ ਤੇ ਕੁਲਵੰਤ ਸਿੰਘ ਪੰਡੋਰੀ ਸਮੇਤ 'ਆਪ' ਆਗੂਆਂ ਨੇ ਕਿਹਾ ਕਿ ਬੇਸ਼ੱਕ ਆਮ ਆਦਮੀ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ, ਪਰ ਪੰਥ ਦੀ ਸਿਰਮੌਰ ਸੰਸਥਾ ਨੂੰ ਬਾਦਲ ਪਰਿਵਾਰ ਦੇ ਕਬਜ਼ੇ 'ਚ ਮੁਕਤ ਕਰਾਉਣ ਦੀ ਜ਼ੋਰਦਾਰ ਵਕਾਲਤ ਕਰਦੀ ਹੈ।
ਬਾਦਲਾਂ ਨੇ ਆਪਣੇ ਸਵਾਰਥ ਲਈ ਸ਼੍ਰੋਮਣੀ ਕਮੇਟੀ ਨੂੰ ਮਿੱਟੀ 'ਚ ਮਿਲਾਇਆ, 'ਆਪ' ਵੱਲੋਂ ਤਿੱਖ ਹਮਲਾ
ਏਬੀਪੀ ਸਾਂਝਾ
Updated at:
27 Nov 2019 06:01 PM (IST)
''ਲੰਬੇ ਸੰਘਰਸ਼ ਤੇ ਵੱਡੀਆਂ ਕੁਰਬਾਨੀਆਂ ਨਾਲ ਹੋਂਦ 'ਚ ਆਈ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਬਾਦਲ ਪਰਿਵਾਰ ਨੇ ਆਪਣੇ ਸਵਾਰਥ ਲਈ ਮਿੱਟੀ 'ਚ ਮਿਲਾਉਣ ਦੀ ਕੋਈ ਕਸਰ ਨਹੀਂ ਛੱਡੀ। ਐਸਜੀਪੀਸੀ ਦੇ ਜਨਰਲ ਇਜਲਾਸ ਦੀ ਆੜ ਥੱਲੇ ਸੁਖਬੀਰ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗ ਜਿਸ 'ਲਿਫ਼ਾਫ਼ਾ ਕਲਚਰ' ਰਾਹੀਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਵਾਰ ਫਿਰ ਪ੍ਰਧਾਨ ਤੇ ਆਪਣੇ ਖੁਸ਼ਾਮਦੀਦਾਂ ਨੂੰ ਦੂਸਰੀਆਂ ਅਹੁਦੇਦਾਰੀਆਂ ਵੰਡੀਆਂ ਹਨ, ਇਹ ਨਾ ਕੇਵਲ ਸਮੁੱਚੇ ਸਿੱਖ ਪੰਥ ਨਾਲ ਸਗੋਂ ਜਮਹੂਰੀ ਵਿਵਸਥਾ ਨਾਲ ਖਿਲਵਾੜ ਹੈ।''
- - - - - - - - - Advertisement - - - - - - - - -