ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਅੱਜ ਪੰਜਾਬ ਵਿੱਚ 139 ਥਾਵਾਂ 'ਤੇ ਹੋ ਰਹੀਆਂ ਐਮਸੀ ਚੋਣਾਂ ਲਈ 'ਸਾਰਿਆਂ ਨੂੰ ਅਜਮਾਇਆ, ਸਾਰਿਆਂ ਨੇ ਦਿੱਤਾ ਧੋਖਾ, ਹੁਣ ਝਾੜੂ ਵਾਲਿਆਂ ਨੂੰ ਦੇਵਾਂਗੇ ਮੌਕਾ' ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਦੀ ਅਗਵਾਈ 'ਚ ਚੋਣ ਪ੍ਰਚਾਰ ਸਬੰਧੀ ਇਕ ਗੀਤ ਲਾਂਚ ਕੀਤਾ ਗਿਆ।


ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ 'ਆਪ' ਦੇ ਸਾਰੇ ਉਮੀਦਵਾਰਾਂ ਅਤੇ ਅਹੁਦੇਦਾਰਾਂ ਵੱਲੋਂ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਲਗਾਕੇ ਕੀਤੀ ਗਈ। ਚੀਮਾ ਨੇ ਕਿਹਾ ਕਿ 'ਆਪ' ਦੇ ਸਾਰੇ ਵਲੰਟੀਅਰਾਂ ਵੱਲੋਂ ਅੱਜ ਝਾੜੂ ਲਾਕੇ ਸਾਰੇ ਪੰਜਾਬ ਵਿੱਚ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।


ਉਨ੍ਹਾਂ ਕਿਹਾ ਕਿ ਘਰਾਂ, ਗਲੀਆਂ 'ਚ ਝਾੜੂ ਲਗਾਕੇ ਗੰਦਗੀ ਨੂੰ ਸਾਫ ਕੀਤਾ ਜਾਂਦਾ ਹੈ। ਚੋਣਾਂ ਵਿੱਚ ਝਾੜੂ ਲਾਕੇ ਅਕਾਲੀਆਂ-ਕਾਂਗਰਸੀਆਂ ਵੱਲੋਂ ਨਗਰ ਨਿਗਮਾਂ, ਮਿਊਸਪਲ ਕੌਂਸਲ ਵਿੱਚ ਪਾਈ ਭ੍ਰਿਸ਼ਟਾਚਾਰ ਦੀ ਗੰਦਗੀ ਨੂੰ ਸਾਫ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਭ੍ਰਿਸ਼ਟਾਚਾਰ ਦੇ ਅੱਡੇ ਬਣ ਚੁੱਕੇ ਹਨ।


ਉਨ੍ਹਾਂ ਸ਼ਹਿਰਾਂ ਵਿੱਚ ਸਫਾਈ ਵਿਵਸਥਾ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ, ਕਿਤੇ ਵੀ ਸ਼ਹਿਰ ਵਿੱਚ ਅਪਰਾਧਾਂ ਨੂੰ ਰੋਕਣ ਦੇ ਲਈ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸੀਆਂ ਨੇ ਆਪਣੇ ਘਰਾਂ ਨੂੰ ਭਰਨ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹੁਣ ਲੋਕਾਂ ਨੂੰ ਬਦਲਾਅ ਦਾ ਮੌਕਾ ਦਿੱਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਦੇ ਲਈ ਕੰਮ ਕਰਨ ਵਾਲਿਆਂ ਨੂੰ ਜਤਾਇਆ ਜਾਵੇ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ