ਸ਼ੰਕਰ ਦਾਸ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ 'ਚ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਖਿਲਾਫ਼ ਲੱਗ ਰਹੇ ਧਰਨੇ-ਪ੍ਰਦਸ਼ਨਾਂ ਨੂੰ ਲੈ ਕੇ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ 'ਆਪ' ਪੰਜਾਬ ਦੇ ਲੀਡਰ ਹਰ ਧਰਨੇ 'ਤੇ ਪਹੁੰਚ ਕੇ ਗਰੰਟੀਆਂ ਦਿੰਦੇ ਸਨ ਕਿ ਉਨ੍ਹਾਂ ਦੇ ਸੱਤਾਂ 'ਚ ਆਉਂਦਿਆਂ ਸਾਰ ਹੀ ਹਰ ਕਿਸੇ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਅਫ਼ਸੋਸ ਹੁਣ AAP ਪਾਰਟੀ ਵਾਲੇ ਅਜਿਹੇ ਕਿਸੇ ਧਰਨੇ 'ਤੇ ਨਹੀਂ ਪਹੁੰਚਦੇ, ਸ਼ਾਇਦ ਹੁਣ ਉਹ ਹੋਰਨਾਂ ਸੂਬਿਆਂ 'ਚ ਅਜਿਹੀਆਂ ਝੂਠੀਆਂ ਗਰੰਟੀਆਂ ਦੇਣ 'ਚ ਵਿਅਸਤ ਹਨ।


ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਰੁਜ਼ਗਾਰ ਦੇ ਮਾਮਲੇ 'ਤੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਨੂੰ ਅਪ੍ਰੈਲ 2021 ਤੋਂ ਜੁਲਾਈ 2022 ਤੱਕ ਖੇਤਰ ਵਿੱਚ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ (MSMEs) ਦੇ ਸਭ ਤੋਂ ਵੱਧ ਬੰਦ ਹੋਣ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਨੌਕਰੀਆਂ ਦਾ ਭਾਰੀ ਨੁਕਸਾਨ ਹੋਇਆ ਹੈ।



ਇਸ ਤੋਂ ਪਹਿਲਾਂ ਬੀਤੇ ਕੱਲ ਰਾਜਾ ਵੜਿੰਗ ਨੇ ਕਿਹਾ ਸੀ, "ਇਸ਼ਤਿਹਾਰਾਂ ਦੀ ਸਰਕਾਰ @AAPPunjab ਨੇ ਜੋ ਵਾਅਦੇ ਚੋਣਾਂ ਦੌਰਾਨ ਕੀਤੇ, ਉਨ੍ਹਾਂ ਵਿੱਚੋਂ ਇੱਕ ‘ਤੇ ਵੀ ਖ਼ਰੀ ਨਹੀਂ ਉੱਤਰੀ। ਇਹ ਲਾਠੀਚਾਰਜ ਕਿਸੇ ਮਸਲੇ ਦਾ ਹੱਲ ਨਹੀਂ। ਅੱਜ ਕਿਉਂ ਆਮ ਲੋਕਾਂ ਦੇ ਮੁੱਖ ਮੰਤਰੀ, ਆਮ ਲੋਕਾਂ ਨੂੰ ਹੀ ਨਹੀਂ ਮਿਲ ਰਹੇ? ਕੀ ਜਿਸ ਬਦਲਾਅ ਦੀ ਗੱਲ ਕੀਤੀ ਗਈ ਸੀ, ਉਹ ਨੇਤਾਵਾਂ ਦੇ ਤੌਰ ਤਰੀਕੇ ਵਿੱਚ ਆਉਣਾ ਸੀ?"

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਵੀ ਵੱਖ-ਵੱਖ ਵਰਗਾਂ ਦੇ ਲੋਕ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਅਹਿਮ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਨ੍ਹਾਂ ਖਿਲਾਫ਼ ਸਖਤੀ ਵਰਤਣ ਲੱਗ ਪਈ ਹੈ। ਸੋਮਵਾਰ ਨੂੰ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਉੱਪਰ ਪੁਲਿਸ ਨੇ ਜੰਮ ਕੇ ਲਾਠੀਚਾਰਜ ਕੀਤਾ।

ਇਸ ਦੌਰਾਨ ਪੁਲਿਸ ਮੁਲਾਜ਼ਮਾਂ ਤੇ ਧਰਨਾਕਾਰੀਆਂ ਵਿਚਾਲੇ ਝੜਪ ਹੋ ਗਈ। ਪੁਲਿਸ ਵੱਲੋਂ ਬੇਰੁਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ ਕੀਤਾ ਗਿਆ ਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ। ਇਸ ਦੌਰਾਨ ਕਈ ਬੇਰੁਜ਼ਗਾਰ ਅਧਿਆਪਕ ਜ਼ਖ਼ਮੀ ਹੋ ਗਏ ਤੇ ਵੱਡੀ ਗਿਣਤੀ ਧਰਨਾਕਾਰੀਆਂ ਦੀਆਂ ਪੱਗਾਂ ਲੱਥ ਗਈਆਂ। ਦੋ ਲੜਕੀਆਂ ਸਣੇ ਤਿੰਨ ਬੇਰੁਜ਼ਗਾਰ ਅਧਿਆਪਕਾਂ ਨੂੰ ਸਿਵਲ ਹਸਪਤਾਲ ਲੈ ਕੇ ਜਾਣਾ ਪਿਆ।