ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਦੀ ਅਲੋਚਨਾ ਬੀਜੇਪੀ ਨੂੰ ਮਹਿੰਗੀ ਪੈਂਦੀ ਨਜ਼ਰ ਆ ਰਹੀ ਹੈ। ਭਾਜਪਾ ਨੇਤਾ ਤੇ ਸਾਬਕਾ ਫੌਜ ਮੁਖੀ ਜਨਰਲ ਜੇਜੇ ਸਿੰਘ ਵੱਲੋਂ ਸਵਾਲ ਉਠਾਉਣ ਮਗਰੋਂ ਹੁਣ ਆਮ ਆਦਮੀ ਪਾਰਟੀ ਨੇ ਪਲਟਵਾਰ ਕੀਤਾ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਭਾਜਪਾ ਦਾ ਦੋਗਲਾ ਚਿਹਰਾ ਸਾਹਮਣੇ ਆ ਰਿਹਾ ਹੈ।


ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਯੂਕੇ ਦੇ ਐਮਪੀ ਢੇਸੀ ਨੂੰ ਮਿਲਣ ਤਾਂ ਗ਼ਲਤ ਪਰ ਜੇ ਬੀਜੇਪੀ ਦੇ ਮੰਤਰੀ ਮਿਲਣ ਤਾਂ ਠੀਕ। ਆਮ ਆਦਮੀ ਪਾਰਟੀ ਵੱਲੋਂ ਬੀਜੇਪੀ ਲੀਡਰਾਂ ਤੇ ਮੰਤਰੀਆਂ ਦੀਆਂ ਕੁਝ ਤਸਵੀਰਾਂ ਵੀ ਪੇਸ਼ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਉਹ ਦੀ ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਕਰ ਰਹੇ ਹਨ।






ਦਰਅਸਲ ਇਹ ਵਿਦਾਵਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਭਾਜਪਾ ਨੇਤਾ ਤੇ ਸਾਬਕਾ ਫੌਜ ਮੁਖੀ ਜਨਰਲ ਜੇਜੇ ਸਿੰਘ ਨੇ ਦਾਅਵਾ ਕੀਤਾ ਕਿ ਢੇਸੀ ਦਾ ਸਟੈਂਡ ਹਮੇਸ਼ਾ ਭਾਰਤ ਵਿਰੋਧੀ ਰਿਹਾ ਹੈ। ਉਹ ਵੱਖਵਾਦੀਆਂ ਦਾ ਸਮਰਥਕ ਰਿਹਾ ਹੈ ਤਾਂ ਫਿਰ CM ਭਗਵੰਤ ਮਾਨ ਨੇ ਉਨ੍ਹਾਂ ਨਾਲ ਕਿਉਂ ਮੁਲਾਕਾਤ ਕੀਤੀ? ਉਸ ਮੀਟਿੰਗ ਵਿੱਚ ਕੀ ਹੋਇਆ, ਉਸ ਦੇ ਵੇਰਵੇ ਜਨਤਕ ਕੀਤੇ ਜਾਣੇ ਚਾਹੀਦੇ ਹਨ।


ਸਾਬਕਾ ਫੌਜ ਮੁਖੀ ਨੇ ਕਿਹਾ ਕਿ ਕਸ਼ਮੀਰ ਦੇ ਮੁੱਦੇ 'ਤੇ ਲੇਬਰ ਸੰਸਦ ਮੈਂਬਰ ਢੇਸੀ ਦੇ ਵਿਚਾਰਾਂ ਨੂੰ ਹਰ ਕੋਈ ਜਾਣਦਾ ਹੈ। ਉਨ੍ਹਾਂ ਕੇਂਦਰ ਸਰਕਾਰ ਦੇ ਫੈਸਲੇ ਦੀ ਆਲੋਚਨਾ ਕੀਤੀ ਸੀ। ਮੁੱਖ ਮੰਤਰੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਆਮ ਆਦਮੀ ਪਾਰਟੀ ਦੇ ਵਿਚਾਰ ਢੇਸੀ ਦੇ ਵਿਚਾਰਾਂ ਨਾਲ ਮੇਲ ਖਾਂਦੇ ਹਨ। ਜੇਕਰ ਅਜਿਹਾ ਹੈ ਤਾਂ ਇਹ ਦੇਸ਼ ਦੇ ਖਿਲਾਫ ਹੈ।


ਇਸ ਮਾਮਲੇ 'ਤੇ ਆਮ ਆਦਮੀ ਪਾਰਟੀ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਢੇਸੀ ਪੰਜਾਬੀ ਹੋਣ ਕਰਕੇ ਮੁੱਖ ਮੰਤਰੀ ਨੂੰ ਮਿਲਣ ਦਾ ਹੱਕ ਰੱਖਦੇ ਹਨ। ਇਸ ਵਿੱਚ ਕੁਝ ਵੀ ਗਲਤ ਨਹੀਂ।


ਇਹ ਵੀ ਪੜ੍ਹੋ