Punjab News: ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦੇ ਸਹਿਯੋਗੀ ਨੂੰ ਚਾਰ ਲੱਖ ਰੁਪਏ ਦੀ ਰਿਸ਼ਵਤ ਨਾਲ ਗ੍ਰਿਫਤਾਰ ਕਰਵਾਉਣ ਵਾਲੇ ਪ੍ਰਿਤਪਾਲ ਗੋਇਲ ਨੇ ਅਹਿਮ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਰਿਸ਼ਮ ਗੁਪਤਾ ਨੂੰ ਪੈਸੇ ਦਿੱਤੇ ਸਨ। ਇਸ ਦੇ ਨਾਲ ਹੀ ਵਿਜੀਲੈਂਸ ਦੀ ਕਾਰਵਾਈ ਤੋਂ ਅਸੰਤੁਸ਼ਟ ਹੁੰਦਿਆਂ ਪ੍ਰਿਤਪਾਲ ਸਿੰਘ ਨੇ ਵਿਧਾਇਕ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਨਸਾਫ ਨਾ ਮਿਲਣ ਤੇ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਤੇ ਅਦਾਲਤ ਵਿੱਚ ਜਾਵਾਂਗੇ।


ਦੱਸ ਦਈਏ ਕਿ ਬੀਤੇ ਦਿਨੀਂ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦੇ ਸਹਿਯੋਗੀ ਨੂੰ 4 ਲੱਖ ਰੁਪਏ ਦੀ ਰਿਸ਼ਵਤ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਵਿਜੀਲੈਂਸ ਨੇ ਵਿਧਾਇਕ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਵਿਧਾਇਕ ਨੇ ਕਿਹਾ ਹੈ ਕਿ ਰਿਸ਼ਮ ਗੁਪਤਾ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ। 


ਇਸ ਮਗਰੋਂ ਅੱਜ ਪਿੰਡ ਘੁੱਦਾ ਦੀ ਸਰਪੰਚ ਸੀਮਾ ਦੇ ਪਤੀ ਪ੍ਰਿਤਪਾਲ ਸਿੰਘ ਨੇ ਅਹਿਮ ਖੁਲਾਸੇ ਕਰਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਵੀ ਗ੍ਰਿਫਤਾਰ ਰਿਸ਼ਮ ਗੁਪਤਾ ਵੱਲੋਂ ਵਿਧਾਇਕ ਨਾਲ ਗੰਢ ਧੁੱਪ ਕਰਕੇ ਪਿੰਡ ਘੁੱਦਾ ਦੀ ਐਸਸੀ ਨੰਬਰਦਾਰੀ ਲਈ ਢਾਈ ਲੱਖ ਰੁਪਏ ਲਏ ਸਨ। ਹੁਣ ਵੀ ਜਦੋਂ ਉਹ ਪਿੰਡ ਦੇ ਕੰਮਾਂ ਲਈ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ ਆਏ ਪੈਸਿਆਂ ਸਬੰਧੀ ਵਿਧਾਇਕ ਨੂੰ ਮਿਲਦੇ ਸੀ ਤਾਂ ਪੈਸੇ ਦੀ ਮੰਗ ਕੀਤੀ ਜਾਂਦੀ ਸੀ।


ਉਨ੍ਹਾਂ ਕਿਹਾ ਕਿ 25 ਲੱਖ ਰੁਪਏ ਦੀ ਗਰਾਂਟ ਉੱਪਰ ਪੰਜ ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਸੀ ਪਰ ਅੱਜ ਤੱਕ ਉਨ੍ਹਾਂ ਵੱਲੋਂ ਕਿਸੇ ਵੀ ਅਧਿਕਾਰੀ ਨੂੰ ਪੈਸੇ ਦੇ ਕੇ ਕੰਮ ਨਹੀਂ ਕਰਵਾਇਆ ਗਿਆ। ਇਸੇ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਇਸ ਸਬੰਧੀ ਚੰਡੀਗੜ੍ਹ ਵਿਜੀਲੈਂਸ ਨਾਲ ਗੱਲ ਕੀਤੀ ਗਈ। ਇਸ ਮਗਰੋਂ 50 ਹਜ਼ਾਰ ਰੁਪਏ ਇੱਕ ਵਾਰ ਰੇਸ਼ਮ ਨੂੰ ਵਿਸ਼ਵਾਸ਼ ਬਣਾਉਣ ਲਈ ਦਿੱਤੇ ਗਏ।


ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਚਾਰ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੇਸ਼ਮ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰਵਾਇਆ ਗਿਆ। ਵਿਜਿਲੈਂਸ ਅਧਿਕਾਰੀਆਂ ਨੂੰ ਵਿਧਾਇਕ ਅਮਿਤ ਰਤਨ ਤੇ ਰਿਸ਼ਮ ਦੀਆਂ ਰਿਕਾਰਡਿੰਗ ਵੀ ਉਪਲੱਬਧ ਕਰਵਾਈਆਂ ਗਈਆਂ ਪਰ ਫਿਰ ਵੀ ਵਿਜੀਲੈਂਸ ਵਿਭਾਗ ਵੱਲੋਂ ਵਿਧਾਇਕ ਅਮਿਤ ਰਤਨ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।


ਉਨ੍ਹਾਂ ਕਿਹਾ ਕਿ ਜੇਕਰ ਵਿਜੀਲੈਂਸ ਅਧਿਕਾਰੀਆਂ ਵੱਲੋਂ ਵਿਧਾਇਕ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਆਉਂਦੇ ਦਿਨਾਂ ਵਿੱਚ ਸੰਘਰਸ਼ ਕਰਨਗੇ। ਇਸ ਬਾਰੇ ਅਦਾਲਤ ਦਾ ਸਹਾਰਾ ਵੀ ਲੈਣਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਉਨ੍ਹਾਂ ਦੇ ਹੀ ਵਿਧਾਇਕ ਹਿੱਸੇ ਪੱਤੀਆਂ ਲੈ ਰਹੇ ਹਨ। ਉਹ ਥੋੜ੍ਹੀ ਦੇਰ ਬਾਅਦ ਇਸ ਗੱਲ ਦੀ ਰਿਕਾਰਡਿੰਗ ਵੀ ਪੇਸ਼ ਕਰਨਗੇ।