ਸੰਗਰੂਰ : ਆਮ ਆਦਮੀ ਪਾਰਟੀ ਦੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਪਰਲ ਕੰਪਨੀ ਦਾ ਸ਼ਿਕਾਰ ਹੋਣਾ ਪਿਆ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਜਦੋਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ,ਉਦੋਂ ਹੀ ਮਹਾਰਾਸ਼ਟਰ ਤੋਂ ਮਾਲਿਕ ਨੂੰ ਪੰਜਾਬ ਦੇ ਵਿੱਚ ਲਿਆ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ।
ਜੋ ਪੰਜਾਬ ਦੇ ਲੋਕਾਂ ਨਾਲ ਫਰਾਡ ਹੋਣ ਤੋਂ ਬਾਅਦ ਕਈ ਜ਼ਮੀਨਾਂ ਉੱਪਰ ਨਾਲ ਅਟੈਚ ਹੋਈਆਂ ਸਨ ,ਉਹ ਵਿਕ ਚੁੱਕੀਆਂ ਹਨ , ਜਿਸ ਨੂੰ ਲੈ ਕੇ ਪੰਜਾਬ ਸਰਕਾਰ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਇਸ ਘਪਲੇ ਵਿੱਚ ਸ਼ਾਮਲ ਹਨ ,ਉਨ੍ਹਾਂ ਨੂੰ ਜਲਦ ਹੀ ਫੜਿਆ ਜਾਵੇਗਾ ਅਤੇ ਉਹਨਾਂ ਦੀਆਂ ਰਿਕਵਰੀਆਂ ਕਰਕੇ ਲੋਕਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।
ਪੀੜਤ ਲੋਕਾਂ ਦਾ ਕਹਿਣਾ ਹੈ ਕਿ ਪਰਲ ਕੰਪਨੀ ਦੀਆਂ ਮਾਲਵਾ ਖੇਤਰ ਵਿੱਚ ਕਾਫੀ ਥਾਵਾਂ ’ਤੇ ਜ਼ਮੀਨਾਂ ਪਈਆਂ ਹਨ, ਜਿਨ੍ਹਾਂ ਨੂੰ ਵੇਚ ਕੇ ਲੋਕਾਂ ਦਾ ਪੈਸਾ ਮੋੜਿਆ ਜਾ ਸਕਦਾ ਹੈ। ਇਸ ਸਬੰਧੀ ਕਾਨੂੰਨੀ ਚਾਰਾਜੋਈ ਪੂਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰ ਕੰਪਨੀ ਦੇ ਪ੍ਰਬੰਧਕਾਂ ਨਾਲ ਰਲੀਆਂ ਹੋਈਆਂ ਸਨ ਅਤੇ ਹੁਣ ਨਵੀਂ ਬਣੀ ਭਗਵੰਤ ਮਾਨ ਦੀ ਸਰਕਾਰ ਤੋਂ ਆਸ ਹੈ ਕਿ ਉਹ ਲੋਕਾਂ ਦੇ ਡੁੱਬੇ ਹੋਏ ਪੈਸੇ ਵਾਪਸ ਕਰਵਾਉਣ ਵਿੱਚ ਸਹਾਇਤਾ ਕਰ ਸਕਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਪਰਲ ਦੇ ਨਿਵੇਸ਼ਕ ਆਪਣੇ ਖੂਨ ਪਸੀਨੇ ਦੀ ਕਮਾਈ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਜਦੋਂਕਿ ਪਰਲ ਦੇ ਸਹਿਯੋਗ ਨਾਲ ਕਬੱਡੀ ਵਰਲਡ ਕੱਪ ਕਰਵਾਉਣ ਵਾਲੀ ਪਿਛਲੀ ਸਰਕਾਰ ਨੇ ਵੀ ਇਸ ਮਸਲੇ ’ਤੇ ਚੁੱਪ ਵੱਟੀ ਰੱਖੀ। ਉਨ੍ਹਾਂ ਕਿਹਾ ਕਿ ਪਰਲ ਕੰਪਨੀ ਨਿਵੇਸ਼ਕਾਂ ਦੇ 49100 ਕਰੋੜ ਰੁਪਏ ਵਾਪਸ ਨਹੀਂ ਕਰ ਰਹੀ ਜਦੋਂਕਿ ਨਿਵੇਸ਼ਕ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਹੋਰ ਤਾਂ ਹੋਰ ਉਹ ਮੁਹਾਲੀ, ਚੰਡੀਗੜ੍ਹ ਦਿੱਲੀ ਵਿੱਚ 3 ਵਾਰ ਧਰਨਾ ਵੀ ਲਾ ਚੁੱਕੇ ਹਨ।