ਅੰਮ੍ਰਿਤਸਰ: ਪੰਜਾਬ 'ਚ ਆਮ ਆਦਮੀ ਦੀ ਸਰਕਾਰ ਬਣੀ ਨੂੰ ਤਿੰਨ ਮਹੀਨੇ ਵੀ ਨਹੀਂ ਹੋਏ ਹਨ ਕਿ 'ਆਪ' ਵਿਧਾਇਕਾਂ ਦੇ ਰਿਸ਼ਤੇਦਾਰਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬਿਜਲੀ ਵਿਭਾਗ ਦੀ ਇੱਕ ਮਹਿਲਾ ਜੂਨੀਅਰ ਇੰਜੀਨੀਅਰ (ਜੇ.ਈ.) ਨਾਲ ਇੱਕ ਵਿਅਕਤੀ ਦੀ ਗੱਲਬਾਤ ਦਾ ਇੱਕ ਆਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਕਾਲ ਕਰਨ ਵਾਲੇ ਨੇ ਆਪਣੀ ਪਛਾਣ ਦਵਿੰਦਰ ਸਿੰਘ ਵਜੋਂ ਦੱਸੀ ਹੈ, ਜੋ ਕਿ ਅੰਮ੍ਰਿਤਸਰ ਪੱਛਮੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਡਾ. ਜਸਬੀਰ ਸਿੰਘ ਦਾ ਭਰਾ ਹੈ।


ਹਾਲਾਂਕਿ ਪੰਜਾਬ ਦੇ ਸਿਹਤ ਮੰਤਰੀ ਨੂੰ ਦੋ ਦਿਨ ਪਹਿਲਾਂ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਬਰਖਾਸਤ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਸਿਆਸਤ ਤੋਂ ਦੂਰ ਰੱਖਣ ਦੀ ਸਲਾਹ ਦਿੱਤੀ ਸੀ। 


 










ਸ਼ਖਸ ਅਤੇ ਜੇਈ ਅਵਨੀਤ ਵਿਚਕਾਰ ਗੱਲਬਾਤ...


ਸ਼ਖਸ - ਹੈਲੋ, ਅਵਨੀਤ ਕੌਰ ਬੋਲਦੇ।


ਮਹਿਲਾ ਜੇਈ - ਜੀ...


ਸ਼ਖਸ - ਮੈਂ ਪਹਿਲਾਂ ਵੀ ਇੱਕ ਵਾਰ ਫ਼ੋਨ ਕੀਤਾ ਫ਼ੋਨ ਕਿਉਂ ਨਹੀਂ ਚੱਕਦੇ?


ਮਹਿਲਾ ਜੇਈ- ਸਰ ਮੈਂ ਪਰਮਿਟ ਲੈ ਰਹੀ ਹਾਂ, ਇਸ ਲਈ ਮੈਂ ਫ਼ੋਨ ਨਹੀਂ ਚੁੱਕਿਆ।


ਸ਼ਖਸ - ਮੇਰੀ ਗੱਲ ਸੁਣ ਲਾਓ, ਮੈਂ ਨਾ ਦਵਿੰਦਰ ਸਿੰਘ ਬੋਲਦਾ... MLA ਡਾ: ਜਸਬੀਰ ਦਾ ਭਰਾ। ਮੇਰਾ ਨੰਬਰ ਸੇਵ ਕਰ ਲਵੋ।


ਮਹਿਲਾ ਜੇਈ - ਠੀਕ ਹੈ।


ਸ਼ਖਸ-  ਬਾਅਦ ਵਿੱਚ ਨਾ ਕਿਹੋ ਬਦਲੀ-ਬੁਦਲੀ ਬਾਰੇ ਇਹੋ ਜਿਹੀ ਜਗ੍ਹਾ ਸੁੱਟਾਂਗੇ ਕਿ...


ਮਹਿਲਾ ਜੇਈ - ਸਰ ਕਹਾਂ ਸੇ ਬੋਲ ਰਹੇ ਹੋ..?


ਸ਼ਖਸ - ਮੈਂ ਦਵਿੰਦਰ ਸਿੰਘ ਬੋਲਦਾਂ... MLA ਡਾ: ਜਸਬੀਰ ਦਾ ਭਰਾ।


ਔਰਤ ਜੇਈ - ਅੱਛਾ ਠੀਕ ਹੈ ਸਰ


ਸ਼ਖਸ - ਮੈਂ ਸਵੇਰ ਦਾ ਤੁਹਾਨੂ ਫ਼ੋਨ ਕਰ ਰਿਹਾ ਹਾਂ... ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਸਾਹਿਬ ਸਿੰਘ ਦੇ ਨਾਮ ਦਾ ਮੀਟਰ ਲਗਾਉਣਾ, ਤੁਸੀਂ ਕਿਹਾ ਸੀ ਸ਼ਨੀਵਾਰ ਲੱਗ ਜਾਏਗਾ ਅੱਜ 7 ਦਿਨ ਲੰਘ ਗਏ ਆ...


ਮਹਿਲਾ ਜੇਈ - ਪਰਚੀ ਭੇਜ ਦਿੱਤੀ ਤੁਸੀਂ ਸਾਹਿਬ ਸਿੰਘ ਦੀ ?


ਸ਼ਖਸ - ਸਾਹਿਬ ਸਿੰਘ ਮੇਰੇ ਕੋਲ ਖੜ੍ਹਾ ਹੈ।


ਮਹਿਲਾ ਜੇਈ- ਸਾਹਿਬ ਸਿੰਘ ਕਹੋ ਮੈਨੂੰ ਪਰਚੀ ਭੇਜ ਦੇਵੇ... ਵੇਖ ਲਵਾਂਗੀ ਕਦੋਂ ਆਇਆ ਮੀਟਰ?


ਸ਼ਖਸ- ਸਭ ਤੋਂ ਪਹਿਲਾਂ ਮੇਰਾ ਨੰਬਰ ਸੇਵ ਕਰ ਲਵੋ। ਦਵਿੰਦਰ ਸਿੰਘ ਵਿਧਾਇਕ ਡਾ: ਜਸਬੀਰ ਸਿੰਘ ਦਾ ਭਰਾ।
(ਇਸ ਤੋਂ ਬਾਅਦ ਦੀ ਗੱਲਬਾਤ ਆਡੀਓ ਕਲਿੱਪ ਵਿੱਚ ਨਹੀਂ ਹੈ।)



ਇਹ ਵਿਅਕਤੀ ਫੋਨ 'ਤੇ ਮਹਿਲਾ ਜੇਈ ਨੂੰ ਟਰਾਂਸਫਰ ਕਰਨ ਦੀ ਧਮਕੀ ਦੇ ਰਿਹਾ ਹੈ। ਮਹਿਲਾ ਜੇਈ ਨੇ ਇਸ ਸਬੰਧੀ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਬਿਜਲੀ ਵਿਭਾਗ ਦੀ ਜੇਈ ਐਸੋਸੀਏਸ਼ਨ ਨੂੰ ਸ਼ਿਕਾਇਤ ਕੀਤੀ ਹੈ।


ਇਸ ਆਡੀਓ ਅਨੁਸਾਰ ਦਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਅੰਮ੍ਰਿਤਸਰ ਜ਼ਿਲ੍ਹੇ ਦੀ ਛੇਹਰਟਾ ਸਬ-ਡਵੀਜ਼ਨ ਵਿੱਚ ਤਾਇਨਾਤ ਜੇਈ ਅਵਨੀਤ ਕੌਰ ਨੂੰ ਫ਼ੋਨ ਕੀਤਾ। ਫੋਨ 'ਤੇ ਉਕਤ ਵਿਅਕਤੀ ਨੇ ਆਪਣੀ ਜਾਣ-ਪਛਾਣ ਅੰਮ੍ਰਿਤਸਰ ਪੱਛਮੀ ਤੋਂ 'ਆਪ' ਵਿਧਾਇਕ ਡਾ. ਜਸਵੀਰ ਸਿੰਘ ਦੇ ਭਰਾ ਵਜੋਂ ਕਰਵਾਈ ਅਤੇ ਜੇ.ਈ. ਨੂੰ ਆਪਣੇ ਇਕ ਜਾਣਕਾਰ ਦਾ ਕੰਮ ਕਰਨ ਲਈ ਕਿਹਾ। ਪਹਿਲਾਂ ਉਸ ਨੇ ਬਾਹੂਬਲੀ ਸਟਾਈਲ 'ਚ ਜੇ.ਈ ਦਾ ਤਬਾਦਲਾ ਕਰਨ ਦੀ ਧਮਕੀ ਦਿੱਤੀ ਸੀ। ਜੇਈ ਅਵਨੀਤ ਕੌਰ ਨੇ ਫ਼ੋਨ 'ਤੇ ਕੁਝ ਨਹੀਂ ਕਿਹਾ ਪਰ ਬਾਅਦ 'ਚ ਉਨ੍ਹਾਂ ਨੇ ਆਪਣੇ ਉੱਚ ਅਧਿਕਾਰੀਆਂ, ਸਬੰਧਿਤ ਐਸ.ਡੀ.ਓ ਅਤੇ ਵਿਭਾਗ ਨੂੰ ਸ਼ਿਕਾਇਤ ਕੀਤੀ | ਉਨ੍ਹਾਂ ਇਹ ਮੁੱਦਾ ਜੂਨੀਅਰ ਇੰਜੀਨੀਅਰਜ਼ ਐਸੋਸੀਏਸ਼ਨ ਕੋਲ ਵੀ ਉਠਾਇਆ।