AAP MLA Dev Mann video : ਨਾਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਵੀਡੀਓ ਵਿੱਚ ਉਹ ਇੱਕ ਸਮਾਗਮ ਦੌਰਾਨ ਇੱਕ ਬਜ਼ੁਰਗ ਵਿਅਕਤੀ ਨੂੰ ਲੱਤ ਮਾਰਦੇ ਅਤੇ ਧੱਕਾ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਇਹ ਘਟਨਾ 8 ਮਾਰਚ ਨੂੰ ਲੁਧਿਆਣਾ ਵਿੱਚ ਵਾਪਰੀ ਦੱਸੀ ਜਾ ਰਹੀ ਹੈ।
 
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਨੇ ਵਿਧਾਇਕ 'ਤੇ ਨਿਸ਼ਾਨਾ ਸਾਧਿਆ ਹੈ। ਦੇਵ ਮਾਨ ਦਾ ਦਾਅਵਾ ਹੈ ਕਿ ਬਜ਼ੁਰਗ ਵਿਅਕਤੀ ਸ਼ਰਾਬੀ ਸੀ ਅਤੇ ਵਾਰ-ਵਾਰ ਸਟੇਜ 'ਤੇ ਚੜ ਰਿਹਾ ਸੀ, ਜਿਸ ਕਾਰਨ ਸਥਿਤੀ ਅਜਿਹੀ ਬਣੀ ਜਦੋਂ ਉਸਨੂੰ ਹੇਠਾਂ ਉਤਾਰਿਆ ਗਿਆ। ਉਨ੍ਹਾਂ ਕਿਹਾ ਕਿ ਉਸ ਵਿਅਕਤੀ ਨੂੰ ਕਈ ਵਾਰ ਨਿਮਰਤਾ ਨਾਲ ਹੇਠਾਂ ਜਾਣ ਲਈ ਕਿਹਾ ਗਿਆ ਪਰ ਉਹ ਮੰਨਿਆ ਨਹੀਂ। ਰਾਜਨੀਤਿਕ ਲਾਭ ਲਈ ਵੀਡੀਓ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ।
 
ਵਿਧਾਇਕ ਦੇ ਨਾਲ ਆਏ ਬਾਊਂਸਰ ਵੀ ਬਜ਼ੁਰਗ ਵਿਅਕਤੀ ਨਾਲ ਬਦਸਲੂਕੀ ਕਰਦੇ ਦਿਖਾਈ ਦੇ ਰਹੇ ਹਨ। ਪੁਲਿਸ ਵਾਲੇ ਅਤੇ ਹੋਰ ਲੋਕ ਵੀ ਮੌਜੂਦ ਹਨ। ਵਿਧਾਇਕ ਬਜ਼ੁਰਗ ਵਿਅਕਤੀ ਨੂੰ ਸਟੇਜ ਤੋਂ ਹੇਠਾਂ ਉਤਾਰ ਦਿੰਦੇ ਹਨ ਤੇ ਫਿਰ ਵਾਪਸ ਸਟੇਜ 'ਤੇ ਚਲੇ ਜਾਂਦੇ ਹਨ। 10 ਸਕਿੰਟ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 
 
ਜਾਣਕਾਰੀ ਅਨੁਸਾਰ 8 ਮਾਰਚ ਨੂੰ ਲੁਧਿਆਣਾ ਦੇ ਦੁੱਗਰੀ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦੀ 38ਵੀਂ ਬਰਸੀ ਮਨਾਉਣ ਲਈ ਇੱਕ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਵਿਧਾਇਕ ਦੇਵ ਮਾਨ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ।
 
ਵਿਰੋਧੀ ਧਿਰ ਨੇ ਨਿਸ਼ਾਨਾ ਸਾਧਿਆ ਜਿਵੇਂ ਹੀ ਵੀਡੀਓ ਵਾਇਰਲ ਹੋਇਆ ਤਾਂ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਇਸ ਦਾ ਮੁੱਦਾ ਉਠਾਇਆ। ਕਾਂਗਰਸੀ ਆਗੂਆਂ ਨੇ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਧੁੱਤ 'ਆਪ' ਆਗੂ ਹੁਣ ਆਮ ਲੋਕਾਂ ਅਤੇ ਬਜ਼ੁਰਗਾਂ ਦਾ ਅਪਮਾਨ ਕਰ ਰਹੇ ਹਨ। ਵਿਧਾਇਕ ਦੇ ਵਿਵਹਾਰ ਦੀ ਸੋਸ਼ਲ ਮੀਡੀਆ 'ਤੇ ਵੀ ਆਲੋਚਨਾ ਕੀਤੀ ਗਈ ਹੈ।ਵਿਵਾਦ ਵਧਣ 'ਤੇ ਵਿਧਾਇਕ ਦਾ ਸਪੱਸ਼ਟੀਕਰਨ ਵਿਵਾਦ ਤੋਂ ਬਾਅਦ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਆਪਣੀ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਵਾਰ-ਵਾਰ ਸਟੇਜ 'ਤੇ ਚੜ੍ਹ ਕੇ ਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।  ਉਨ੍ਹਾਂ ਕਿਹਾ ਕਿ "ਮੈਨੂੰ ਬਜ਼ੁਰਗਾਂ ਦਾ ਬਹੁਤ ਸਤਿਕਾਰ ਹੈ ਅਤੇ ਮੈਂ ਕਦੇ ਵੀ ਉਨ੍ਹਾਂ ਦਾ ਨਿਰਾਦਰ ਨਹੀਂ ਕਰ ਸਕਦਾ। ਇਸ ਘਟਨਾ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਅਤੇ ਵਿਰੋਧੀ ਪਾਰਟੀਆਂ ਵੱਲੋਂ ਘਟਨਾ ਨੂੰ ਰਾਜਨੀਤਿਕ ਲਾਭ ਲਈ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ।