ਸ਼ੰਕਰ ਦਾਸ ਦੀ ਰਿਪੋਰਟ


ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ (AAP MLA Harmeet Singh Pathanmajra  ) ਖਿਲਾਫ ਉਨ੍ਹਾਂ ਦੀ ਦੂਜੀ ਪਤਨੀ ਨੇ ਪੰਜਾਬ-ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਦੇ ਹੋਏ ਪਠਾਨਮਾਜਰਾ ਖਿਲਾਫ ਬਲਾਤਕਾਰ, ਧੋਖਾਧੜੀ ਸਬੰਧੀ ਦਰਜ ਸ਼ਿਕਾਇਤ 'ਤੇ ਕਾਰਵਾਈ ਲਈ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਰੱਖਿਆ ਲਈ ਹਾਈ ਕੋਰਟ ਨੂੰ ਗੁਹਾਰ ਲਗਾਈ ਹੈ।

ਵਕੀਲ ਗੌਰਵ ਭਈਆ ਰਾਹੀਂ ਦਾਇਰ ਪਟੀਸ਼ਨ ਵਿੱਚ ਪਟੀਸ਼ਨਰ ਨੇ ਦੋਸ਼ ਲਾਇਆ ਹੈ ਕਿ ਵਿਧਾਇਕ (AAP MLA Harmeet Singh Pathanmajra  ) ਨੇ ਵਿਆਹ ਦੇ ਬਹਾਨੇ ਬਲਾਤਕਾਰ ਕੀਤਾ ਹੈ। ਇਸ ਦੇ ਨਾਲ ਹੀ ਉਸ 'ਤੇ ਧੋਖਾਧੜੀ ਦਾ ਦੋਸ਼ ਵੀ ਲਗਾਇਆ ਗਿਆ ਹੈ। ਪਟੀਸ਼ਨਰ ਨੇ ਦੱਸਿਆ ਕਿ ਉਹ ਆਪਣੀ ਸ਼ਿਕਾਇਤ ਲੈ ਕੇ ਮੁਹਾਲੀ ਦੇ ਐਸਐਸਪੀ ਦਫ਼ਤਰ ਗਈ ਸੀ। ਜਦੋਂ ਉਹ 23 ਅਗਸਤ ਨੂੰ ਐਸਐਸਪੀ ਦਫ਼ਤਰ ਪਹੁੰਚੀ ਤਾਂ ਉਸ ਦੀ ਸ਼ਿਕਾਇਤ ਇਹ ਕਹਿ ਕੇ ਰੱਦ ਕਰ ਦਿੱਤੀ ਗਈ ਕਿ ਐਸਐਸਪੀ ਦਫ਼ਤਰ ਵਿੱਚ ਨਹੀਂ ਹੈ।

ਇਸ ਤੋਂ ਬਾਅਦ ਉਨ੍ਹਾਂ ਮੁੱਖ ਮੰਤਰੀ ਨੂੰ ਸ਼ਿਕਾਇਤ ਵੀ ਭੇਜੀ। ਇਸ ਸ਼ਿਕਾਇਤ ਤੋਂ ਬਾਅਦ ਕਿਸੇ ਵੀ ਪੱਧਰ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਪਟੀਸ਼ਨਕਰਤਾ ਨੇ ਇਸ ਮਾਮਲੇ ਵਿੱਚ ਹਾਈਕੋਰਟ ਦੇ ਦਖਲ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮਹਿਲਾ ਨੇ ਹਾਈ ਕੋਰਟ ਤੋਂ ਆਪਣੀ ਸੁਰੱਖਿਆ ਦੀ ਵੀ ਮੰਗ ਕੀਤੀ ਹੈ। ਵੀਰਵਾਰ ਨੂੰ ਹਾਈਕੋਰਟ ਰਜਿਸਟਰੀ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ 'ਤੇ ਹਾਈਕੋਰਟ ਜਲਦ ਹੀ ਸੁਣਵਾਈ ਕਰੇਗਾ।

ਦੱਸ ਦੇਈਏ ਕਿ ਗੁਰਪ੍ਰੀਤ ਕੌਰ ਨਾਮ ਦੀ ਔਰਤ ਜੋਂ ਕਿ ਆਪਣੇ ਆਪ ਨੂੰ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਪਤਨੀ ਹੋਣ ਦਾ ਦਾਅਵਾ ਕਰ ਰਹੀ ਹੈ, ਵੱਲੋਂ ਥਾਣਾ ਜੀਰਕਪੁਰ ਵਿਖੇ ਸ਼ਿਕਾਇਤ ਦਰਜ਼ ਕਰਵਾਈ ਗਈ ਹੈ ਕਿ ਉਸ ਦੇ ਪਤੀ ਵਿਧਾਇਕ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਸ ਦਾ ਕਹਿਣਾ ਹੈ ਕਿ ਇੱਕ ਸਾਲ ਪਹਿਲਾਂ ਉਸ ਦਾ ਵਿਧਾਇਕ ਪਠਾਨਮਾਜਰਾ ਨਾਲ ਦੂਜਾ ਵਿਆਹ ਹੋਇਆ ਸੀ। ਉਸ ਔਰਤ ਨੇ ਮੀਡੀਆ ਅੱਗੇ ਦਾਅਵਾ ਕੀਤਾ ਹੈ ਕਿ ਪਠਾਨਮਾਜਰਾ ਨੇ ਕਿਹਾ ਸੀ ਕਿ ਉਸ ਨੇ ਆਪਣੀ ਪਹਿਲੀ ਪਤਨੀ ਤੋਂ ਤਲਾਕ ਦੇ ਪੇਪਰਾਂ ’ਤੇ ਦਸਖਤ ਕਰਵਾ ਲਏ ਹਨ।