ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਦੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਹੈ ਜਿਸ ਨੂੰ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਸਵਿਕਾਰ ਕਰ ਲਿਆ ਗਿਆ ਹੈ। ਇਸ ਨੂੰ ਲੈ ਕੇ ਹੁਣ ਸਰਕਾਰੀ ਨੋਟੀਫਿਕੇਸ਼ਨ ਜਾਰੀ ਹੋਇਆ ਹੈ।
ਇਸ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 180 ਅਧੀਨ ਕੁੰਵਰ ਵਿਜੈ ਪ੍ਰਤਾਪ ਸਿੰਘ, ਐਮ.ਐਲ.ਏ ਨੂੰ ਅਧੀਨ ਵਿਧਾਨ ਕਮੇਟੀ ਦਾ ਮੈਂਬਰ ਨਾਮਜਦ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਮਿਤੀ 19.08.2025 ਨੂੰ ਕੀਤੀ ਗਈ ਬੇਨਤੀ ਪ੍ਰਵਾਨ ਕਰਦੇ ਹੋਏ ਮਾਣਯੋਗ ਸਪੀਕਰ, ਪੰਜਾਬ ਵਿਧਾਨ ਸਭਾ ਵਲੋਂ ਮਿਤੀ 05.09.2025 ਤੋਂ ਕੁੰਵਰ ਵਿਜੈ ਪ੍ਰਤਾਪ ਸਿੰਘ, ਮਾਨਯੋਗ ਮੈਂਬਰ, ਪੰਜਾਬ ਵਿਧਾਨ ਸਭਾ ਨੂੰ ਅਧੀਨ ਵਿਧਾਨ ਕਮੇਟੀ ਦੇ ਮੈਂਬਰ ਦੀਆਂ ਜਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਅਤੇ ਹੁਣ ਉਹ ਪੰਜਾਬ ਵਿਧਾਨ ਸਭਾ ਦੀ ਅਧੀਨ ਵਿਧਾਨ ਕਮੇਟੀ ਦੇ ਮੈਂਬਰ ਨਹੀਂ ਹੋਣਗੇ।
ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ਤੋਂ 5 ਸਾਲਾਂ ਲਈ ਮੁਅੱਤਲ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੀ PAC (ਰਾਜਨੀਤਿਕ ਮਾਮਲਿਆਂ ਦੀ ਕਮੇਟੀ) ਨੇ ਇਹ ਫੈਸਲਾ ਲਿਆ ਹੈ। ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਸੀ। ਪਾਰਟੀ ਵਿਚੋਂ ਸਸਪੈਂਡ ਕਰਨ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੇ ਫੇਸਬੁਕ ਉਤੇ ਪੋਸਟ ਸਾਂਝੀ ਕਰਕੇ ਲਿਖਿਆ ਸੀ, “ਕਬੀਰ ਜਿਸੁ ਮਰਨੇ ਤੇ ਜਗੁ ਡਰੇ ਮੇਰੇ ਮਨਿ ਆਨੰਦੁ”।
ਦੱਸ ਦਈਏ ਕਿ ਕੁੰਵਰ ਵਿਜੇ ਪ੍ਰਤਾਪ ਨੇ ਮਜੀਠੀਆ ਵਿਰੁੱਧ ਕਾਰਵਾਈ ਉਤੇ ਸਵਾਲ ਚੁੱਕੇ ਸਨ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਸੀ ਕਿ ਜਦੋਂ ਮਜੀਠੀਆ ਜੇਲ੍ਹ ਵਿਚ ਸੀ ਤਾਂ ਮਾਨ ਸਰਕਾਰ ਨੇ ਪੁੱਛਗਿੱਛ ਨਹੀਂ ਕੀਤੀ ਅਤੇ ਜ਼ਮਾਨਤ ਕਰਵਾ ਦਿੱਤੀ। ਪਰਿਵਾਰ ਦੀ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ। ਭਾਵੇਂ ਉਹ ਨੇਤਾ ਹੋਵੇ, ਅਭਿਨੇਤਾ ਹੋਵੇ, ਅਮੀਰ ਹੋਵੇ ਜਾਂ ਗਰੀਬ ਹੋਵੇ, ਦੋਸਤ ਹੋਵੇ ਜਾਂ ਦੁਸ਼ਮਣ। ਤੜਕੇ ਕਿਸੇ ਦੇ ਘਰ ਉਤੇ ਰੇਡ ਮਾਰਨਾ ਨੀਤੀ ਦੇ ਖਿਲਾਫ਼ ਹੁੰਦਾ ਹੈ।
ਤਕਰੀਬਨ ਹਰ ਆਉਣ ਵਾਲੀਆਂ ਸਰਕਾਰਾਂ ਨੇ ਪੁਲਿਸ ਅਤੇ ਵਿਜੀਲੈਂਸ ਦਾ ਆਪਣੇ ਫਾਇਦੇ ਲਈ ਦੁਰਉਪਯੋਗ ਅਤੇ ਦੁਰਵਰਤੋਂ ਕੀਤੀ ਪਰ ਸਿੱਟਾ ਕੋਈ ਖਾਸ ਨਿਕਲਦਾ ਨਹੀਂ। ਕਿਸੇ ਦੇ ਨਾਲ ਮੇਰਾ ਸਿਆਸੀ ਤੌਰ ‘ਤੇ ਮਤਭੇਦ ਹੋ ਸਕਦਾ ਹੈ ਪਰ ਨੀਤੀ, ਧਰਮ ਤੇ ਦਿਆਨਤਦਾਰੀ ਦੀ ਗੱਲ ਹੋਵੇ ਤਾਂ ਚਰਚਾ ਕਰਨੀ ਲਾਜ਼ਮੀ ਹੋ ਜਾਂਦੀ ਹੈ। ਜਦੋਂ ਮਜੀਠੀਆ ਕਾਂਗਰਸ ਸਰਕਾਰ ਵੇਲੇ ਦਰਜ ਹੋਏ ਮੁਕੱਦਮੇ ਵਿੱਚ ਜੇਲ੍ਹ ਵਿੱਚ ਸਨ ਤਾਂ ਮਾਨ ਸਰਕਾਰ ਨੇ ਕੋਈ ਰਿਮਾਂਡ ਨਹੀਂ ਲਿਆ ਅਤੇ ਕੋਈ ਪੁੱਛਗਿੱਛ ਨਹੀਂ ਕੀਤੀ ਗਈ। ਬਾਅਦ ਵਿੱਚ ਮਾਨ ਸਾਬ੍ਹ ਦੇ ਸਰਕਾਰੀ ਤੰਤਰ ਨੇ ਜ਼ਮਾਨਤ ਕਰਵਾ ਦਿੱਤੀ ਸੀ।’’