Punjab News : ਬਰਨਾਲਾ ਜ਼ਿਲ੍ਹੇ ਦੇ ਕਸਬਾ ਸ਼ਹਿਣਾ ਵਿੱਚ ਬੀਤੇ ਕੱਲ ਆਮ ਆਦਮੀ ਪਾਰਟੀ ਦੇ ਭਦੋੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਆਮ ਆਦਮੀ ਕਲੀਨਿਕ ਦੇ ਉਦਘਾਟਨ ਸਮਾਰੋਹ ਵਿੱਚ ਸਰਪੰਚ ਦੇ ਪੁੱਤਰ ਨੂੰ ਥੱਪੜ ਮਾਰਨ ਦਾ ਮੁੱਦਾ ਤੂਲ ਫੜ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ ਤੋਂ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ‘ਆਪ’ ਵਿਧਾਇਕ ਦੀ ਨਿੰਦਾ ਕੀਤੀ ਜਾ ਰਹੀ ਹੈ। ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਰਪੰਚ ਦੇ ਪੁੱਤਰ ਨੂੰ ਮਿਲਣ ਲਈ ਸ਼ਹਿਣਾ ਪੁੱਜੇ ਤਾਂ ਸੰਸਦ ਮੈਂਬਰ ਨੇ ਹਾਈਕੋਰਟ 'ਚ 'ਆਪ' ਵਿਧਾਇਕ ਖਿਲਾਫ ਕੇਸ ਦਾਇਰ ਕਰਨ ਦੀ ਗੱਲ ਕਹੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੱਲ੍ਹ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਵੱਲੋਂ ਸਰਪੰਚ ਦੇ ਪੁੱਤਰ ਨੂੰ ਥੱਪੜ ਮਾਰਨ ਦੀ ਜੋ ਗੱਲ ਕਹੀ ਗਈ ਹੈ , ਉਹ ਪੂਰੀ ਤਰ੍ਹਾਂ ਨਿੰਦਣਯੋਗ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਅਸਮਾਨ 'ਚ ਟਕਰਾਏ ਦੋਵੇਂ ਲੜਾਕੂ ਜਹਾਜ਼ , ਇੱਕ ਮੱਧ ਪ੍ਰਦੇਸ਼ ਅਤੇ ਦੂਜਾ ਰਾਜਸਥਾਨ 'ਚ ਡਿੱਗਿਆ, 1 ਪਾਇਲਟ ਸ਼ਹੀਦ
ਉਥੇ ਹੀ ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਪਿੰਡ ਦੇ ਲੋਕਾਂ ਦੇ ਨਾਲ ਹਨ, ਉਥੇ ਹੀ ਇਸ ਮਾਮਲੇ 'ਤੇ ਮੰਗ ਕਰਦੇ ਹੋਏ ਕਿਹਾ ਕਿ ਵਿਧਾਇਕ ਲਾਭ ਸਿੰਘ ਦੇ ਖਿਲਾਫ ਤੁਰੰਤ ਮਾਮਲਾ ਦਰਜ ਕੀਤਾ ਜਾਵੇ, ਜਦੋਂ ਕਿ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਵਿਧਾਇਕ ਲਾਭ ਸਿੰਘ ਖਿਲਾਫ ਕੇਸ ਦਰਜ ਕਰਵਾਉਣ ਲਈ ਹਾਈਕੋਰਟ ਜਾਣ ਤੋਂ ਵੀ ਗੁਰੇਜ਼ ਨਹੀਂ ਕਰਨਗੇ, ਜਦਕਿ ਉਨ੍ਹਾਂ ਕਿਹਾ ਕਿ ਵਿਧਾਇਕ ਦੇ ਅਜਿਹੇ ਸ਼ਬਦ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ।
ਦੱਸ ਦੇਈਏ ਕਿ ਬਰਨਾਲਾ ਦੇ ਸ਼ਹਿਣਾ ਵਿਖੇ ਪਿੰਡ ਦੀ ਸਰਪੰਚ ਦਾ ਮੁੰਡਾ ਸੁਖਵਿੰਦਰ ਸਿੰਘ ਤੇ ਪਿੰਡ ਵਾਸੀ ਪ੍ਰਾਇਮਰੀ ਹੈਲਥ ਸੈਂਟਰ (ਪੀਐਚਸੀ) ਨੂੰ ਆਮ ਆਦਮੀ ਕਲੀਨਿਕ ਵਿੱਚ ਬਦਲਣ 'ਤੇ ਵਿਧਾਇਕ ਲਾਭ ਸਿੰਘ ਉਗੋਕੇ ਕੋਲ ਮੁੱਦਾ ਚੁੱਕਦੇ ਹੋਏ ਵਿਰੋਧ ਕਰ ਰਹੇ ਸਨ ਤਾਂ ਗੱਲਬਾਤ ਕਰਦੇ ਹੋਏ ਆਪ ਵਿਧਾਇਕ ਲਾਭ ਸਿੰਘ ਉਗੋਕੇ ਗੁੱਸੇ ਵਿੱਚ ਆ ਗਿਆ ਅਤੇ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਉਹ ਨੌਜਵਾਨ ਨੂੰ ਕਹਿ ਰਿਹਾ ਹੈ ਕਿ ਮਾਰ ਮਾਰ ਲਫੇੜੇ, ਤੈਨੂੰ ਅੰਦਰ ਸੁੱਟਿਆ ਹੁੰਦਾ, ਫੇਰ ਪਤਾ ਲੱਗਣਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹਾਲਾਂਕਿ ਵਿਧਾਇਕ ਉਗੋਕੇ ਨੇ ਕਿਹਾ ਕਿ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਜਦਕਿ ਉਨ੍ਹਾਂ ਦਾ ਅਸਲ ਮਕਸਦ ਇਹ ਸੀ ਕਿ ਜੇਕਰ ਕਿਸੇ ਹੋਰ ਪਾਰਟੀ ਦੀ ਸਰਕਾਰ ਹੁੰਦੀ ਤਾਂ ਉਸ ਨੂੰ ਵਿਰੋਧ ਦੀ ਥਾਂ ਕੁੱਟਿਆ ਜਾਂਦਾ ਅਤੇ ਜੇਲ੍ਹ ਸੁੱਟ ਦਿੱਤਾ ਜਾਣਾ ਸੀ।