ਚੰਡੀਗੜ੍ਹ: ਐਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਦੇ ਛਾਪਿਆਂ ਮਗਰੋਂ ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਹੈ ਕਿ ਸਿਆਸੀ ਬਦਲਾਖੋਰੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਤਾਰਾ ਗਰੁੱਪ ਆਫ਼ ਕੰਪਨੀਜ਼ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਕਾਫ਼ੀ ਸਾਲ ਪਹਿਲਾਂ ਤਾਰਾ ਗਰੁੱਪ ਆਫ਼ ਕੰਪਨੀਜ਼ ਦੇ ਵੱਖ-ਵੱਖ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਛਾਪੇ ਸਿਆਸੀ ਬਦਲਾਖੋਰੀ ਤਹਿਤ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਹੀ ਮਾਰੇ ਗਏ ਹਨ।



ਦੱਸ ਦਈਏ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਨੇ ਵੀਰਵਾਰ ਨੂੰ ਜਸਵੰਤ ਗੱਜਣਮਾਜਰਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਕਾਰੋਬਾਰੀ ਅਦਾਰਿਆਂ ’ਤੇ ਛਾਪੇ ਮਾਰੇ ਸਨ। ਟੀਮ ਨੇ ਵਿਧਾਇਕ ਦੇ ਘਰ, ਜਿੱਤਵਾਲ ਵਿਚਲੀ ਫੀਡ ਫੈਕਟਰੀ ਤੋਂ ਇਲਾਵਾ ਤਾਰਾ ਕਾਨਵੈਂਟ ਸਕੂਲ ਮਾਲੇਰਕੋਟਲਾ ਵਿਖੇ ਕਾਰੋਬਾਰੀ ਰਿਕਾਰਡ ਦੀ ਜਾਂਚ ਕੀਤੀ ਸੀ। ਛਾਪਿਆਂ ਦੌਰਾਨ ਈਡੀ ਦੀ ਟੀਮ ਨਾਲ ਸੀਆਰਪੀਐਫ ਦੇ ਸੁਰੱਖਿਆ ਕਰਮੀ ਵੀ ਮੌਜੂਦ ਸਨ। 



ਦੱਸ ਦਈਏ ਕਿ ਸਿਆਸੀ ਹਲਕਿਆਂ ਵਿੱਚ ਈਡੀ ਦੀ ਕਾਰਵਾਈ ਨੂੰ 40 ਕਰੋੜ ਦੇ ਬੈਂਕ ਲੈਣ-ਦੇਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਵਿਧਾਇਕ ਗੱਜਣਮਾਜਰਾ ਨੇ ਵਿਧਾਨ ਸਭਾ ਚੋਣਾਂ ਮੌਕੇ ਚੋਣ ਜਿੱਤਣ ਦੀ ਸੂਰਤ ’ਚ ਵਿਧਾਇਕ ਵਜੋਂ ਤਨਖ਼ਾਹ ਤੇ ਪੈਨਸ਼ਨ ਨਾ ਲੈਣ ਦਾ ਹਲਫ਼ੀਆ ਬਿਆਨ ਦਿੱਤਾ ਸੀ। ਲੁਧਿਆਣਾ ਸਥਿਤ ਬੈਂਕ ਦੀ ਸ਼ਿਕਾਇਤ ’ਤੇ ਮਈ ਮਹੀਨੇ ਸੀਬੀਆਈ ਟੀਮ ਨੇ ਵਿਧਾਇਕ ਗੱਜਣਮਾਜਰਾ ਦੀ ਰਿਹਾਇਸ਼ ਤੇ ਕਾਰੋਬਾਰੀ ਅਦਾਰਿਆਂ ’ਤੇ ਛਾਪੇ ਮਾਰੇ ਸਨ। ਸੀਬੀਆਈ ਦੀ ਟੀਮ ਉਦੋਂ ਕਰੀਬ 16 ਲੱਖ ਰੁਪਏ ਦੀ ਨਗ਼ਦੀ, ਵਿਦੇਸ਼ੀ ਕਰੰਸੀ ਤੇ ਕੁਝ ਦਸਤਾਵੇਜ਼ ਕਬਜ਼ੇ ਵਿੱਚ ਲੈਣ ਦਾ ਦਾਅਵਾ ਕੀਤਾ ਸੀ।


AAP ਦੇ ਵੱਖ-ਵੱਖ ਸਟੇਟਾਂ 'ਚ ਕਾਬਜ਼ ਹੋਣ ਤੋਂ ਘਬਰਾਈ BJP, ਸਾਡੇ ਸੀਨੀਅਰ ਲੀਡਰਾਂ ਦੇ ਘਰ ਕਰਵਾ ਰਹੀ ਈਡੀ ਦੀ ਰੇਡ: ਮੀਤ ਹੇਅਰ


ਸਟੈਂਪ ਡਿਊਟੀ ਘੁਟਾਲੇ 'ਚ ਐਲਜੀ ਵੱਲੋਂ ਕੇਜਰੀਵਾਲ ਖ਼ਿਲਾਫ਼ ਜਾਂਚ ਦੇ ਆਦੇਸ਼ ਅਤੇ ਆਪ ਵਿਧਾਇਕ ਗੱਜਣ ਮਾਜਰਾ ਦੇ ਘਰ ਈਡੀ ਦੀ ਰੇਡ 'ਤੇ ਪੰਜਾਬ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬੋਲਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ, ਬੀਜੇਪੀ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਤੋਂ ਡਰਨ ਵਾਲੀ ਨਹੀਂ ਹੈ। 


ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਵੱਖ- ਵੱਖ ਸਟੇਟਾਂ ਦੇ ਵਿੱਚ ਜ਼ੋਰ ਸ਼ੋਰ ਨਾਲ ਸਾਬਤ ਹੋ ਰਹੀ ਹੈ ,ਜਿਸ ਦੇ ਡਰ ਵਜੋਂ ਭਾਜਪਾ ਅਜਿਹੀਆਂ ਚਾਲਾਂ ਚੱਲ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਹਿਮਾਚਲ ਵਿੱਚ ਚੋਣਾਂ ਮੁਹਿੰਮ ਨੂੰ ਲੈ ਕੇ ਪ੍ਰਚਾਰ ਕਰ ਰਹੇ ਹਨ।