Operation Lotus: ਕਹਿੰਦੇ ਹਨ ਕਿ ਘਰ ਦਾ ਭੇਤੀ ਲੰਕਾ ਢਾਹੇ, ਇਹੀ ਹਾਲ ਹੁਣ ਆਮ ਆਦਮੀ ਪਾਰਟੀ ਨਾਲ ਹੋਣ ਵਾਲਾ ਹੈ। ਆਪ ਦੇ ਆਪਣੇ ਹੀ ਘਰ ਦੇ ਭੇਤ ਖੋਲ੍ਹਣ ਲੱਗੇ ਹਨ। ਉਹ ਲੀਡਰ ਜੋ ਹੁਣ ਆਮ ਆਦਮੀ ਪਾਰਟੀ ਨੂੰ ਛੱਡ ਚੁੱਕੇ ਹਨ ਇੱਕ ਇੱਕ ਕਰਕੇ ਰਾਜ਼ ਖੋਲ੍ਹ ਰਹੇ ਹਨ।
ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ, ਜੋ ਇੱਕ ਦਿਨ ਪਹਿਲਾਂ 'ਆਪ' ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ। ਉਹਨਾਂ ਨੇ ਪੰਜਾਬ 'ਚ ਆਪ੍ਰੇਸ਼ਨ ਲੋਟਸ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਸ਼ੀਤਲ ਅੰਗੁਰਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਨਵੰਬਰ ਮਹੀਨੇ ਚੰਡੀਗੜ੍ਹ ਬੁਲਾਇਆ ਗਿਆ ਸੀ। ਇੱਕ ਮੰਤਰੀ ਦੇ ਘਰ ਮੀਟਿੰਗ ਹੋਈ। ਇਸ ਮੀਟਿੰਗ ਵਿੱਚ 13 ਹੋਰ ਵਿਧਾਇਕ ਪਹਿਲਾਂ ਹੀ ਮੌਜੂਦ ਸਨ।
ਸ਼ੀਤਲ ਅੰਗੁਰਾਲ ਨੇ ਦੱਸਿਆ ਕਿ ਸਿਰਫ਼ ਤਿੰਨ ਵਿਧਾਇਕਾਂ ਨੂੰ ਹੀ ਬੀਜੇਪੀ ਜੁਆਇਨ ਕਰਨ ਸਬੰਧੀ ਫੋਨ ਆਏ ਸਨ ਜਦਕਿ ਸਾਰਿਆਂ ਵਿਧਾਇਕਾਂ ਨੂੰ ਡੀਜੀਪੀ ਕੋਲ ਸ਼ਿਕਾਇਤ ਕਰਨ ਲਈ ਕਿਹਾ ਗਿਆ ਸੀ। ਸਾਨੂੰ ਕਿਹਾ ਗਿਆ ਕਿ ਤੁਹਾਨੂੰ ਕੁਝ ਨਹੀਂ ਕਰਨਾ ਪਵੇਗਾ, ਸਾਰਾ ਕੰਮ ਕੈਬਨਿਟ ਮੰਤਰੀ ਕਰੇਗਾ।
ਇਸ ਤੋਂ ਬਾਅਦ 10 ਵਿਧਾਇਕਾਂ ਨੇ ਇਸ 'ਤੇ ਸਹਿਮਤੀ ਜਤਾਈ ਪਰ ਬਾਕੀਆਂ ਨੇ ਇਨਕਾਰ ਕਰ ਦਿੱਤਾ। ਫਿਰ ਸੈਕਟਰ-39 ਇੱਕ ਕੈਬਨਿਟ ਮੰਤਰੀ ਦੀ ਕੋਠੀ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਆਪ੍ਰੇਸ਼ਨ ਲੋਟਸ ਦੀ ਖੇਡ ਖੇਡੀ ਗਈ।
ਅੰਗੁਰਾਲ ਨੇ ਕਿਹਾ ਕਿ ਮੇਰੇ ਕੋਲ ਪਾਰਟੀ ਦੇ ਕਈ ਰਾਜ਼ ਹਨ। ਮੈਨੂੰ ਸ਼ੱਕ ਹੈ ਕਿ ਪਾਰਟੀ ਮੈਨੂੰ ਮਰਵਾ ਸਕਦੀ ਹੈ। ਜੇਕਰ ਅਜਿਹਾ ਹੋਇਆ ਤਾਂ ਵੀ ਮੈਂ ਆਪ੍ਰੇਸ਼ਨ ਲੋਟਸ ਦੇ ਸਬੂਤ ਕਿਸੇ ਨੂੰ ਸੌਂਪ ਕੇ ਜਾਵਾਂਗਾ। ਜੇਕਰ ਸਭ ਕੁਝ ਠੀਕ ਰਿਹਾ ਤਾਂ ਮੈਂ ਖੁਦ ਇਸ ਰਾਜ਼ ਨੂੰ ਲੋਕਾਂ ਸਾਹਮਣੇ ਜ਼ਾਹਰ ਕਰਾਂਗਾ।
ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਬੀਤੇ ਦਿਨ ਉਨ੍ਹਾਂ ਨੇ ਆਪਣਾ ਅਸਤੀਫਾ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਭੇਜ ਦਿੱਤਾ ਸੀ। ਅੰ
ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ, ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਲੰਧਰ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਪਾਰਟੀ ਦਾ ਗੱਦਾਰ ਵੀ ਕਿਹਾ ਗਿਆ। ਇਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪ੍ਰਦਰਸ਼ਨ ਕਰਨ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ਼ ਕਰ ਲਿਆ ਹੈ।