Special Assembly session: ਪੰਜਾਬ ਸਰਕਾਰ ਵੱਲੋਂ ਪਾਣੀਆਂ ਦੇ ਮੁੱਦੇ ਉਤੇ ਬੁਲਾਏ ਗਏ ਵਿਸੇਸ਼ ਵਿਧਾਨ ਸਭਾ ਦਾ ਸੈਸ਼ਨ ਅੱਜ ਜਾਰੀ ਹੈ। ਇਸ ਮੌਕੇ ਪੰਜਾਬ ਦੇ ਪਾਣੀਆਂ ਉੱਤੇ ਸੁਹਿਰਦ ਚਰਚਾ ਹੋ ਰਹੀ ਹੈ। ਇਸ ਦੌਰਾਨ ਕੈਬਨਿਟ ਮੰਤਰੀ ਵੱਲੋਂ ਬੀਬੀਐਮਬੀ ਦੇ ਫੈਸਲੇ ਵਿਰੁੱਧ ਮਤਾ ਪੇਸ਼ ਕੀਤਾ ਗਿਆ, ਇਹ ਵੀ ਮੰਗ ਕੀਤੀ ਕਿ BBMB ਦੇ ਪੁਨਰਗਠਨ ਕੀਤਾ ਜਾਵੇ। ਇਸ ਦੌਰਾਨ ਆਪ ਦੇ ਵਿਧਾਇਕ ਨੇ BBMB ਦੇ ਫੈਸਲੇ ਦੀ ਕਾਪੀ ਪਾੜ ਕੇ ਪਾਰਟੀ ਵੱਲੋਂ ਸਖ਼ਤ ਸੁਨੇਹਾ ਦਿੱਤਾ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤਪਾਲ ਸੁਖਾਨੰਦ ਨੇ ਹਰਿਆਣਾ ਦੀ ਪਾਣੀ ਦੀ ਮੰਗ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਹੁਣ ਕੋਈ ਪਾਣੀ ਨਹੀਂ ਬਚਿਆ। ਪੰਜਾਬ ਜੋ ਕਿ ਪਹਿਲਾਂ ਪੰਜ ਦਰਿਆਵਾਂ ਤੋਂ ਬਣਿਆ ਸੀ, ਹੁਣ ਸਿਰਫ਼ ਤਿੰਨ ਦਰਿਆ ਹੀ ਬਚੇ ਹਨ। ਅਸੀਂ ਪੰਜਾਬ ਕੋਲ ਬਚੇ ਹੋਏ ਪਾਣੀ ਦੀ ਵਰਤੋਂ ਕਰਕੇ ਝੋਨੇ ਦੀ ਫ਼ਸਲ ਲਾਈ ਹੈ। ਅਸੀਂ ਜੋ ਚੌਲ ਪੈਦਾ ਕਰਦੇ ਹਾਂ ਉਹ ਆਪਣੇ ਲਈ ਵੀ ਨਹੀਂ ਰੱਖਦੇ, ਸਗੋਂ ਦੇਸ਼ ਨੂੰ ਦੇ ਦਿੰਦੇ ਹਾਂ। ਸਾਡੇ ਕੋਲ ਪਾਣੀ ਦੀ ਇੱਕ ਵੀ ਬੂੰਦ ਵਾਧੂ ਨਹੀਂ ਬਚੀ ਹੈ।

ਉਨ੍ਹਾਂ ਕਿਹਾ ਕਿ ਬੀਬੀਐਮਬੀ ਵਿੱਚ ਪੰਜਾਬ ਦਾ 60% ਹਿੱਸਾ ਹੈ, ਜਦੋਂ ਕਿ ਦੂਜੇ ਰਾਜਾਂ ਦਾ 40% ਹਿੱਸਾ ਹੈ। ਮੈਂਬਰਾਂ ਦੀ ਨਿਯੁਕਤੀ ਇਸ ਅਨੁਪਾਤ ਵਿੱਚ ਕੀਤੀ ਗਈ ਸੀ ਤੇ ਫੈਸਲੇ ਵੀ 60% ਹਿੱਸੇਦਾਰੀ ਦੇ ਆਧਾਰ 'ਤੇ ਲਏ ਗਏ ਸਨ। ਮੀਟਿੰਗ ਦੀ ਜਾਣਕਾਰੀ ਸੱਤ ਦਿਨ ਪਹਿਲਾਂ ਦੇਣੀ ਚਾਹੀਦੀ ਸੀ, ਪਰ ਇਸ ਪ੍ਰਕਿਰਿਆ ਵਿੱਚ ਪੰਜਾਬ ਨੂੰ ਅਣਗੌਲਿਆ ਕਰ ਦਿੱਤਾ ਗਿਆ।

ਬੀਬੀਐਮਬੀ ਵੱਲੋਂ ਲਿਆ ਗਿਆ ਹਾਲੀਆ ਫੈਸਲਾ ਗੈਰ-ਕਾਨੂੰਨੀ ਹੈ। ਇਸ ਫੈਸਲੇ ਦਾ ਵਿਰੋਧ ਕਰਦੇ ਹੋਏ, ਵਿਧਾਇਕ ਨੇ ਸਦਨ ਵਿੱਚ ਇਸਦੀ ਕਾਪੀ ਪਾੜ ਦਿੱਤੀ। ਸੁਖਾਨੰਦ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਪੰਜਾਬੀਆਂ ਦੀ ਜਾਨ ਪਿਆਰ ਨਾਲ ਲਓ, ਪਰ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਨੇ ਮਨੁੱਖੀ ਆਧਾਰ 'ਤੇ ਹਰਿਆਣਾ ਨੂੰ 4,000 ਕਿਊਸਿਕ ਪਾਣੀ ਦਿੱਤਾ। ਕੇਂਦਰ ਅਤੇ ਹਰਿਆਣਾ ਜ਼ੋਰ ਪਾ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੋਇਆ, ਇਹ ਕਈ ਸਾਲਾਂ ਤੋਂ ਹੁੰਦਾ ਆ ਰਿਹਾ ਹੈ। ਪੰਜਾਬ ਦੀ ਬਾਂਹ ਮਰੋੜੀ ਜਾ ਰਹੀ ਹੈ।