ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨਾਲ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਪਾਰਟੀ ਦੀ ਪੰਜਾਬ ਇਕਾਈ ਦੇ ਮੌਜੂਦਾ ਹਾਲਾਤ ਤੇ ਅੰਦਰੂਨੀ ਧੜੇਬੰਦੀ 'ਤੇ ਚਰਚਾ ਕੀਤੀ। ਇਸ ਮੌਕੇ ਇਹ ਵੀ ਚਰਚਾ ਦਾ ਵਿਸ਼ਾ ਰਿਹਾ ਕਿ ਚੋਣਾਂ 'ਚ ਹੋਈ ਹਾਰ ਤੋਂ ਬਾਅਦ ਅੱਗੇ ਕਿਵੇਂ ਵਧਿਆ ਜਾਵੇ। ਬੈਠਕ 'ਚ 'ਆਪ' ਐਮਪੀ ਭਗਵੰਤ ਮਾਨ, ਵਿਧਾਇਕ ਹਰਪਾਲ ਚੀਮਾ, ਮਾਸਟਰ ਮਧੂਰਾਮ, ਬਲਜਿੰਦਰ ਕੌਰ ਰੂਬੀ, ਸਰਬਜੀਤ ਮਾਣੂਕੇ, ਮੀਤ ਹੇਅਰ, ਕੁਲਵੰਤ ਪੰਡੋਰੀ, ਅਮਨ ਅਰੋੜਾ ਮੌਜੂਦ ਸਨ।

ਬੈਠਕ ਤੋਂ ਬਾਅਦ ਵਿਧਾਇਕਾਂ ਨੇ ਦੱਸਿਆ ਕਿ ਕਈ ਜ਼ਰੂਰੀ ਮੁੱਦਿਆਂ 'ਤੇ ਚਰਚਾ ਹੋਈ ਹੈ। ਇਨ੍ਹਾਂ ਮੁੱਦਿਆਂ 'ਚ ਸ਼ਾਮਲ ਹੈ ਕਿ ਆਉਣ ਵਾਲੀਆਂ ਚੋਣਾਂ 'ਚ ਪਾਰਟੀ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ, ਪਾਰਟੀ 'ਚ ਆਪਸੀ ਮਤਭੇਦ ਕਿਵੇਂ ਸੁਲਝਾਏ ਜਾਣ। ਜਦੋਂ ਸਵਾਲ ਪੁੱਛਿਆ ਗਿਆ ਕਿ ਕੀ ਸੁੱਚਾ ਸਿੰਘ ਛੋਟੇਪੁਰ ਤੇ ਸੁਖਪਾਲ ਖਹਿਰਾ ਨਾਲ ਮੁੜ ਗੱਲਬਾਤ ਕੀਤੀ ਜਾਵੇਗੀ ਤਾਂ ਵਿਧਾਇਕਾਂ ਨੇ ਕਿਹਾ ਕਿ ਉਹ ਮੁੜ ਗੱਲਬਾਤ ਕਰਨ ਲਈ ਤਿਆਰ ਹਨ।

ਬੈਠਕ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਹੁਣ ਹਰ ਮਹੀਨੇ ਪਾਰਟੀ ਦੀ ਪੰਜਾਬ ਇਕਾਈ ਦੀ ਇਸ ਤਰ੍ਹਾਂ ਦੀ ਬੈਠਕ ਅਰਵਿੰਦ ਕੇਜਰੀਵਾਲ ਨਾਲ ਕੀਤੀ ਜਾਵੇਗੀ। ਇਸ ਤੋਂ ਸਪਸ਼ਟ ਹੈ ਕਿ ਹੁਣ ਕੇਜਰੀਵਾਲ ਖੁਦ ਪੰਜਾਬ ਇਕਾਈ ਦਾ ਕੰਮ ਵੇਖਣਗੇ।