ਆਪ ਦੇ ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ "ਮਿਸ਼ਨ ਚੜ੍ਹਦੀ ਕਲਾ" ਲਈ ₹1 ਕਰੋੜ ਦਾਨ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਦੇ ਹੜ੍ਹ ਰਾਹਤ ਅਤੇ ਮੁੜ ਵਸੇਬੇ ਲਈ ਮਿਸ਼ਨ ਚੜ੍ਹਦੀਕਲਾ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਵਾਸਤੇ 1 ਕਰੋੜ ਰੁਪਏ ਦੇਣ ਦਾ ਐਲਾਨ ਕਰਨ ਵਾਲੇ ਉਹ ਪਹਿਲੇ ਵਿਅਕਤੀ ਹਨ। ਉਨ੍ਹਾਂ ਨੇ ਐਕਸ ਉੱਤੇ ਪੋਸਟ ਕਰਕੇ ਲਿਖਿਆ- 'ਮੈਂ ਪੰਜਾਬ ਵਿੱਚ ਹੜ੍ਹ ਰਾਹਤ ਅਤੇ ਪੁਨਰਵਾਸ ਲਈ ਮਿਸ਼ਨ ਚੜ੍ਹਦੀ ਕਲਾ ਚੀਫ਼ ਮਿਨਿਸਟਰ ਦੇ ਰੰਗਲਾ ਪੰਜਾਬ ਫੰਡ ਲਈ 1 ਕਰੋੜ ਰੁਪਏ ਦੇਣ ਦਾ ਐਲਾਨ ਕਰਦਾ ਹਾਂ'' ਨਾਲ ਹੀ ਉਨ੍ਹਾਂ ਨੇ ਗਾਰ ਕੱਢਣ ਦੀ ਮੁਹਿੰਮ ਲਈ 50 ਟਰੈਕਟਰ ਅਤੇ 10 ਜੇ.ਸੀ.ਬੀ. ਮਸ਼ੀਨਾਂ ਵੀ ਦਾਨ ਕੀਤੀਆਂ ਹਨ।
ਫੌਗਿੰਗ ਮਸ਼ੀਨਾਂ ਸਣੇ ਇਨ੍ਹਾਂ ਚੀਜ਼ਾਂ ਨਾਲ ਕਰ ਰਹੇ ਪੰਜਾਬੀਆਂ ਦੀ ਮਦਦ
ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਰੰਗਲਾ ਪੰਜਾਬ ਫੰਡ ਵਿੱਚ ਯੋਗਦਾਨ ਪਾਉਣਗੇ। ਸੰਸਦ ਮੈਂਬਰ ਸਾਹਨੀ ਨੇ ਅਗਲੇ ਤਿੰਨ ਮਹੀਨਿਆਂ ਤੱਕ ਚੱਲਣ ਵਾਲੀ ਗਾਰ ਕੱਢਣ ਦੀ ਮੁਹਿੰਮ ਲਈ 50 ਟਰੈਕਟਰ ਅਤੇ 10 ਜੇ.ਸੀ.ਬੀ. ਮਸ਼ੀਨਾਂ ਵੀ ਦਾਨ ਕੀਤੀਆਂ ਹਨ। ਉਨ੍ਹਾਂ ਨੇ ਹੜ੍ਹ ਨਾਲ ਸਬੰਧਤ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਪੰਚਾਇਤਾਂ ਨੂੰ 200 ਫੌਗਿੰਗ ਮਸ਼ੀਨਾਂ ਵੀ ਪ੍ਰਦਾਨ ਕੀਤੀਆਂ। ਉਨ੍ਹਾਂ ਨੇ ਅਜਨਾਲਾ ਵਿੱਚ ਇੱਕ ਮੈਗਾ ਵੇਅਰਹਾਊਸ ਬਣਾਇਆ ਗਿਆ, ਜਿੱਥੋਂ ਹਜ਼ਾਰਾਂ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ। ਜਿੱਥੋਂ ਪ੍ਰਭਾਵਿਤ ਪਰਿਵਾਰਾਂ ਨੂੰ ਹਜ਼ਾਰਾਂ ਰਾਹਤ ਕਿੱਟਾਂ ਵੰਡੀਆਂ ਜਾ ਰਹੀਆਂ ਹਨ ਜਿਸ ਵਿੱਚ ਬਿਸਤਰੇ, ਗੱਦੇ, ਰਸੋਈ ਸੈੱਟ, ਕੰਬਲ, ਫਰਨੀਚਰ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਘਰੇਲੂ ਚੀਜ਼ਾਂ ਸ਼ਾਮਲ ਹਨ।
ਡਾ. ਵਿਕਰਮਜੀਤ ਸਿੰਘ ਸਾਹਨੀ ਹਮੇਸ਼ਾ ਪੰਜਾਬੀ ਅਤੇ ਪੰਜਾਬੀਅਤ ਦੇ ਲਈ ਕੰਮ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਉਨ੍ਹਾਂ ਦੀ ਇਸ ਸੇਵਾ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ।
ਦੱਸ ਦਈਏ ਬੀਤੇ ਦਿਨੀ ਹੀ ਸੀਐਮ ਮਾਨ ਨੇ 'ਮਿਸ਼ਨ ਚੜ੍ਹਦੀ ਕਲਾ' ਦੀ ਸ਼ੁਰੂਆਤ ਕੀਤੀ ਜਿਸਦਾ ਅਰਥ ਹੈ ਹਰ ਔਖੇ ਤੋਂ ਔਖੇ ਸਮੇਂ ਵਿੱਚ ਵੀ ਹੌਸਲੇ ਨਾਲ ਡਟੇ ਰਹਿਣਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਪੰਜਾਬ ਅਤੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਜੋ ਵੀ ਲੋਕ ਪੁਨਰਵਾਸ ਅਤੇ ਪੰਜਾਬ ਨੂੰ ਮੁੜ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਵਿੱਚ ਯੋਗਦਾਨ ਦੇਣਾ ਚਾਹੁੰਦੇ ਹਨ, ਉਹ ਪੰਜਾਬ ਦਾ ਸਾਥ ਦੇਣ ਅਤੇ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਵਿੱਚ ਮਦਦ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਤੁਹਾਡੇ ਵੱਲੋਂ ਦਿੱਤਾ ਗਿਆ ਇੱਕ-ਇੱਕ ਰੁਪਇਆ ਪੂਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਖਰਚ ਕੀਤਾ ਜਾਵੇਗਾ। ਹੋਰ ਜਾਣਕਾਰੀ ਲਈ ਲੋਕ http://rangla.punjab.gov.in ‘ਤੇ ਜਾ ਸਕਦੇ ਹਨ। ਉਨ੍ਹਾਂ ਨੇ ਖੁੱਲ੍ਹੇ ਦਿਲ ਨਾਲ ਲੋਕਾਂ ਨੂੰ ਇਸ ਮਿਸ਼ਨ ਦਾ ਹਿੱਸਾ ਬਣਨ ਲਈ ਕਿਹਾ ਅਤੇ ਦੱਸਿਆ ਕਿ ਪੰਜਾਬ ਹਮੇਸ਼ਾ ਚੜ੍ਹਦੀ ਕਲਾ (ਉੱਨਤੀ ਅਤੇ ਸਕਾਰਾਤਮਕਤਾ) ਵਿੱਚ ਰਹਿੰਦਾ ਹੈ।