ਚੰਡੀਗੜ੍ਹ : ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਕੁਝ ਸ਼ਬਦਾਂ ਦੇ ਬੋਲਣ ਉਤੇ ਲਗਾਈ ਗਈ ਰੋਕ ਨੂੰ ਲੈ ਕੇ ਆਮ ਆਦਮੀ ਪਾਰਟੀ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਭਾਜਪਾ ਸਰਕਾਰ 'ਤੇ ਤੰਜ ਕਸਿਆ ਹੈ ਅਤੇ ਕਿਹਾ ਕਿ ਇਹ ਵਿਰੋਧੀ ਧਿਰਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ।
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇੱਕ ਟਵੀਟ ਵਿੱਚ ਕਿਹਾ ਕਿ ਇਹ ਜਾਣਕੇ ਚੰਗਾ ਲੱਗਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਉਹਨਾਂ ਦੀ ਕਾਰਗੁਜ਼ਾਰੀ ਨੂੰ ਦਰਸਾਉਣ ਵਾਲੇ ਵਿਸ਼ੇਸ਼ਣਾ ਤੋਂ ਭਲੀ-ਭਾਂਤੀ ਜਾਣੂੰ ਹੈ। ਉਹਨਾਂ ਅਨੁਸਾਰ ਜਿਹਨਾਂ ਸ਼ਬਦਾਂ 'ਤੇ ਪਬੰਦੀ ਲਗਾਈ ਗਈ ਹੈ ,ਉਹ ਸਾਰੇ ਸ਼ਬਦ ਭਾਜਪਾ ਸਰਕਾਰ ਨੂੰ ਉਚਿਤ ਅਤੇ ਸਹੀ ਢੰਗ ਨਾਲ ਬਿਆਨ ਕਰਦੇ ਹਨ।
ਕੇਂਦਰ ਵੱਲੋਂ 'ਜੁਮਲਾਜੀਵੀ', 'ਬਾਲ ਬੁੱਧੀ', 'ਭ੍ਰਿਸ਼ਟ', 'ਦੋਗਲਾਪਣ', 'ਡਰਾਮਾ', 'ਅਸਮਰੱਥ', 'ਨੌਟੰਕੀ', 'ਤਾਨਾਸ਼ਾਹ' ਆਦਿ 'ਤੇ ਰੋਕ ਇਹ ਦਰਸਾਉਂਦਾ ਹੈ ਕਿ ਉਹਨਾਂ ਨੂੰ ਸ਼ੀਸ਼ਾ ਦਿਖਾਉਣ ਵਾਲੇ ਸ਼ਬਦਾਂ ਤੋਂ ਐਨਾ ਡਰ ਲੱਗਦਾ ਹੈ ਕਿ ਇਹਨਾਂ ਨੂੰ ਗ਼ੈਰ-ਸੰਸਦੀ ਹੀ ਘੋਸ਼ਿਤ ਕਰ ਦਿੱਤਾ। ਭਾਜਪਾ ਨਹੀਂ ਚਾਹੁੰਦੀ ਕਿ ਦੇਸ਼ ਦੀ ਸੰਸਦ ਵਿੱਚ ਲੋਕਾਂ ਦੁਆਰਾ ਚੁਣੇ ਨੁਮਾਇੰਦੇ ਉਹਨਾਂ ਦੀਆਂ ਨਾਕਾਮੀਆਂ ਦੀ ਪੋਲ ਨਾ ਖੋਲ੍ਹ ਸਕਣ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕਾਂ ਨੂੰ ਦਿਖਾਏ ਗਏ ਸੁਪਨੇ ਹੁਣ ਜਦੋਂ ਇੱਕ ਤੋਂ ਬਾਅਦ ਇੱਕ ਜ਼ੁਲਮੇ ਸਿੱਧ ਹੋ ਰਹੇ ਹਨ ਤਾਂ ਮੋਦੀ ਸਰਕਾਰ ਜ਼ੁਮਲੇਬਾਜ਼ੀ ਵਰਗੇ ਸ਼ਬਦਾਂ ਨੂੰ ਬੋਲਣ ਉਤੇ ਹੀ ਰੋਕ ਲਗਾ ਰਹੀ ਹੈ, ਤਾਂ ਜੋ ਉਨ੍ਹਾਂ ਦੀ ਸਰਕਾਰ ਨੂੰ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇਗਾ। ਰਾਜ ਸਭਾ ਮੈਂਬਰ ਦਾ ਮੰਨਣਾ ਹੈ ਕਿ ਭਾਜਪਾ ਸਰਕਾਰ ਦਾ ਇਹ ਕਦਮ ਮੌਲਿਕ ਅਧਿਕਾਰਾਂ 'ਤੇ ਹਮਲਾ ਹੈ ਅਤੇ ਇਸ ਤਰ੍ਹਾਂ ਸ਼ਬਦਾਂ ਉਤੇ ਪਾਬੰਦੀ ਲਾ ਕੇ ਆਜ਼ਾਦ ਭਾਰਤ ਵਿੱਚ ਬੋਲਣ ਦੀ ਅਧਿਕਾਰ ਖੋਹਣਾ ਮੰਦਭਾਗਾ ਹੈ।