ਚੰਡੀਗੜ੍ਹ: ਆਮ ਆਦਮੀ ਨੇ ਦਾਅਵਾ ਕੀਤਾ ਹੈ ਕਿ ਪਟਿਆਲਾ ਹਿੰਸਾ ਪਿੱਛੇ ਬੀਜੇਪੀ ਦਾ ਸਿੱਧਾ ਹੱਥ ਹੈ। 'ਆਪ' ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਪੰਜਾਬ ਵਿਰੁੱਧ ਸਾਜ਼ਿਸ਼ਾਂ ਤੇ ਦੰਗੇ ਉਲੀਕੇ ਜਾ ਰਹੇ ਹਨ, ਜਿੱਥੇ ਭਾਜਪਾ ਸਿੱਧੇ-ਅਸਿੱਧੇ ਤੌਰ 'ਤੇ ਸ਼ਾਮਲ ਹੁੰਦੀ ਹੈ। ਪਟਿਆਲਾ ਵਿੱਚ ਜੋ ਹਿੰਸਾ ਹੋਈ, ਉਹ ਭਾਜਪਾ ਤੇ ਹੋਰ ਪਾਰਟੀਆਂ ਦੀ ਸਾਜ਼ਿਸ਼ ਸੀ। ਅਜਿਹਾ ਪੰਜਾਬ ਹੀ ਨਹੀਂ ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਵਾਰ-ਵਾਰ ਹੋ ਰਿਹਾ ਹੈ।


ਇਨ੍ਹਾਂ ਹੀ ਨਹੀਂ ਕੰਗ ਨੇ ਦੋਸ਼ ਲਾਇਆ ਕਿ ਖਾਲਿਸਤਾਨ ਦੇ ਨਾਅਰੇ ਲਾਉਣ ਵਾਲੇ ਸ਼ਰਾਰਤੀ ਅਨਸਰਾਂ ਨਾਲ ਭਾਜਪਾ ਦੇ ਸੀਨੀਅਰ ਆਗੂਆਂ ਦੇ ਸਬੰਧ ਉਜਾਗਰ ਹੋ ਰਹੇ ਹਨ। ਉਹ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਭੜਕਾਉਣ ਦਾ ਕੰਮ ਕਰਦੇ ਹਨ। ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਇਆ ਹੈ ਕਿ ਪਟਿਆਲਾ ਹਿੰਸਾ ਦਾ ਮਾਸਟਰ ਮਾਈਂਡ ਬਰਜਿੰਦਰ ਪਰਵਾਨਾ ਤੇ ਹਰੀਸ਼ ਸਿੰਗਲਾ ਭਾਜਪਾ ਨਾਲ ਸਬੰਧਤ ਹਨ। ਉਨ੍ਹਾਂ ਦਾਅਵਾ ਕੀਤਾ ਕਿ ਖਾਲਿਸਤਾਨ ਪੱਖੀ ਕਾਰਵਾਈਆਂ ਚਲਾਉਣ ਵਾਲਾ ਗੁਰਪਤਵੰਤ ਸਿੰਘ ਪੰਨੂ ਨਰਿੰਦਰ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਚਰਚਾ ਵਿੱਚ ਆਇਆ ਹੈ।


ਕੰਗ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਸਿਆਸੀ ਦੁਕਾਨਦਾਰਾਂ ਦਾ ਕੰਮ ਬੰਦ ਪਿਆ ਸੀ। ਚੋਣਾਂ ਵਿੱਚ ਜਿਸ ਤਰ੍ਹਾਂ ਨਾਲ ਭਾਜਪਾ ਨੂੰ ਨੁਕਸਾਨ ਉਠਾਉਣਾ ਪਿਆ, ਉਹ ਪੰਜਾਬ ਵਿੱਚ ਸਾਜ਼ਿਸ਼ ਰਚ ਰਹੀ ਹੈ। ਪਟਿਆਲਾ ਹਿੰਸਾ ਰਾਜਨੀਤੀ ਤੋਂ ਪ੍ਰੇਰਿਤ ਹੈ। ਇਸ ਵਿੱਚ ਮਨਜਿੰਦਰ ਸਿੰਘ ਸਿਰਸਾ ਵਰਗੇ ਲੋਕਾਂ ਦੀ ਸਾਜ਼ਿਸ਼ ਹੈ। ਇਸ ਲਈ ਇਨ੍ਹਾਂ ਦੀ ਹਰ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ 48 ਘੰਟਿਆਂ 'ਚ ਮਾਸਟਰ ਮਾਈਂਡ ਨੂੰ ਫੜ ਕੇ SIT ਦਾ ਗਠਨ ਕੀਤਾ ਹੈ।


ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਦਿੱਲੀ 'ਚ 12 ਲੱਖ ਲੋਕਾਂ ਦਾ ਸਰਵੇਖਣ ਕੀਤਾ ਗਿਆ, ਜਿਸ 'ਚ 91 ਫੀਸਦੀ ਲੋਕਾਂ ਨੇ ਭਾਜਪਾ 'ਤੇ ਦੰਗੇ ਭੜਕਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦੇਸ਼ ਵਿਰੋਧੀ ਤਾਕਤਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਕਾਂਗਰਸ, ਅਕਾਲੀ ਦਲ, ਭਾਜਪਾ ਦਾ ਜੋ ਵੀ ਆਗੂ, ਇਸ ਵਿੱਚ ਸ਼ਾਮਲ ਹੋਇਆ, ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਪੰਜਾਬ ਦੇ ਕੁਝ ਅਫਸਰ ਪੁਰਾਣੀਆਂ ਆਦਤਾਂ ਪਾ ਚੁੱਕੇ ਹਨ, ਇਨ੍ਹਾਂ ਕਾਲੀਆਂ ਭੇਡਾਂ ਨੂੰ ਬਖਸ਼ਿਆ ਨਹੀਂ ਜਾਵੇਗਾ।


ਇਹ ਵੀ ਪੜ੍ਹੋ: Tajinder Bagga Arrested: ਤੇਜਿੰਦਰ ਬੱਗਾ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ