ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਆਮ ਆਦਮੀ ਪਾਰਟੀ ਵਿੱਚ ਆਉਣ ਦਾ ਵੀ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਨਾ ਸਿਰਫ ਨਵਜੋਤ ਸਿੱਧੂ ਬਲਕਿ ਇਮਾਨਦਾਰ ਤੇ ਸਾਫ਼ ਸੁਥਰੇ ਅਕਸ ਵਾਲੇ ਹਰ ਉਸ ਆਗੂ ਦਾ ‘ਆਪ’ ‘ਚ ਸਵਾਗਤ ਹੈ, ਜੋ ਪੰਜਾਬ ਦੀ ਜਵਾਨੀ, ਕਿਸਾਨੀ, ਦਲਿਤਾਂ, ਵਪਾਰੀਆਂ, ਉਦਯੋਗਪਤੀਆਂ, ਕਰਮਚਾਰੀਆਂ, ਬੇਰੁਜ਼ਗਾਰਾਂ ਦੇ ਹੱਕ ‘ਚ ਮਾਫ਼ੀਆ ਰਾਜ ਵਿਰੁੱਧ ਡਟਣ ਦਾ ਜਜ਼ਬਾ ਰੱਖਦਾ ਹੈ।
ਚੀਮਾ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਸਾਫ਼ ਸੁਥਰਾ ਸਿਆਸੀ ਅਕਸ ਹੈ। ਪੰਜਾਬ ਕੈਬਨਿਟ ‘ਚ ਸਿਰਫ਼ ਸਿੱਧੂ ਵੱਲੋਂ ਹੀ ਬਾਦਲਾਂ ਦੇ 10 ਸਾਲਾ ਮਾਫ਼ੀਆ ਰਾਜ ਸਮੇਤ ਬੇਅਦਬੀਆਂ ਦੇ ਮਾਮਲਿਆਂ ‘ਤੇ ਬਾਦਲਾਂ ਵਿਰੁੱਧ ਬੇਬਾਕੀ ਨਾਲ ਬੋਲਣਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਸ ਨਹੀਂ ਸੀ ਆ ਰਿਹਾ, ਕਿਉਂਕਿ ਆਮ ਲੋਕਾਂ ‘ਚ ਸਿੱਧੂ ਦੇ ਵਧਦੇ ਸਿਆਸੀ ਕੱਦ ਨੂੰ ਕੈਪਟਨ ਆਪਣੀ ਕੁਰਸੀ ਲਈ ਵੀ ਖ਼ਤਰਾ ਸਮਝਣ ਲੱਗੇ ਸਨ। ਇਸ ਕਰਕੇ ਸਿੱਧੂ ਨੂੰ ਲਗਾਤਾਰ ਜ਼ਲੀਲ ਕੀਤਾ ਜਾ ਰਿਹਾ ਸੀ, ਆਖ਼ਰ ਸਿੱਧੂ ਨੂੰ ਅਸਤੀਫ਼ੇ ਲਈ ਮਜਬੂਰ ਕਰ ਦਿੱਤਾ ਗਿਆ।
ਹਰਪਾਲ ਚੀਮਾ ਨੇ ਕਿਹਾ ਕਿ ਬਿਹਤਰ ਹੁੰਦਾ ਨਵਜੋਤ ਸਿੰਘ ਸਿੱਧੂ ਬਤੌਰ ਬਿਜਲੀ ਮੰਤਰੀ ਅਹੁਦਾ ਸੰਭਾਲ ਕੇ ਪਿਛਲੀ ਬਾਦਲ ਸਰਕਾਰ ਦੌਰਾਨ ਜਨਤਕ (ਸਰਕਾਰੀ) ਥਰਮਲ ਪਲਾਂਟ ਬੰਦ ਕਰਕੇ ਪ੍ਰਾਈਵੇਟ ਥਰਮਲ ਕੰਪਨੀਆਂ ਨਾਲ ਕੀਤੇ ਮਹਿੰਗੇ ਤੇ ਨਜਾਇਜ਼ ਸ਼ਰਤਾਂ ਵਾਲੇ ਸਮਝੌਤੇ ਰੱਦ ਕਰਦੇ ਤੇ ਬਾਦਲਾਂ ਦੇ ਬਿਜਲੀ ਮਾਫ਼ੀਆਂ ਨੂੰ ਨੰਗਾ ਕਰਦੇ। ਇਹ ਵੀ ਜਨਤਕ ਕਰਦੇ ਕਿ ਕੈਪਟਨ ਪ੍ਰਾਈਵੇਟ ਥਰਮਲ ਕੰਪਨੀਆਂ ਨਾਲ ਹੋਏ ਸਮਝੌਤੇ ਰੱਦ ਕਰਨ ਤੋਂ ਕਿਉਂ ਭੱਜ ਗਏ?