Drug in Punjab: ਪੰਜਾਬ ਵਿੱਚ ਨਸ਼ਿਆਂ ਦੀ ਓਵਰਡੋਜ਼ ਨਾਲ ਵੱਧ ਰਹੀਆਂ ਮੌਤਾਂ 'ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਈਆਂ ਮੌਤਾਂ ਦੀ ਅਸਲ ਗਿਣਤੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ।


ਇੱਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ ਤਿੰਨ ਹੋਰ ਮੌਤਾਂ ਹੋਈਆਂ ਹਨ। ਇਸ ਤੋਂ ਪਹਿਲਾਂ ਮੀਡੀਆ 'ਚ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਪੰਜਾਬ 'ਚ 14 ਦਿਨਾਂ 'ਚ ਨਸ਼ੇ ਦੀ ਓਵਰਡੋਜ਼ ਨਾਲ 14 ਮੌਤਾਂ ਹੋਈਆਂ ਹਨ।


ਉਨ੍ਹਾਂ ਕਿਹਾ ਕਿ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਮੌਤਾਂ ਦੀ ਗੰਭੀਰਤਾ ਦਾ ਮੁਲਾਂਕਣ ਕਰਨ ਲਈ ਕੋਈ ਸਰਵੇਖਣ ਜਾਂ ਅਧਿਐਨ ਨਹੀਂ ਕੀਤਾ ਗਿਆ ਹੈ। ਕੁਝ ਮਾਮਲਿਆਂ ਵਿੱਚ ਇਹ ਦੇਖਿਆ ਗਿਆ ਹੈ ਕਿ ਜਦੋਂ ਕੁਝ ਨਸ਼ੇੜੀ ਨਸ਼ੇ ਦੀ ਓਵਰਡੋਜ਼ ਨਾਲ ਮਰ ਜਾਂਦੇ ਹਨ ਤਾਂ ਪੁਲਿਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ। ਬਾਜਵਾ ਨੇ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਨਾਲ ਸਬੰਧਿਤ ਮੌਤਾਂ ਦੀ ਅਸਲ ਗਿਣਤੀ ਮੀਡੀਆ ਵਿੱਚ ਆ ਰਹੀਆਂ ਰਿਪੋਰਟਾਂ ਨਾਲੋਂ ਕਿਤੇ ਵੱਧ ਹੈ।


ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਸਮਾਜਿਕ ਕਲੰਕ ਕਾਰਨ ਪੀੜਤ ਦੇ ਪਰਿਵਾਰਕ ਮੈਂਬਰ ਅਕਸਰ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਗੁਪਤ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਕਈ ਵਾਰ ਪਰਿਵਾਰਕ ਮੈਂਬਰ ਅਜਿਹੇ ਮੁੱਦਿਆਂ ਨੂੰ ਲੁਕਾਉਂਦੇ ਹਨ ਕਿਉਂਕਿ ਉਨ੍ਹਾਂ ਦੇ ਹੋਰ ਮੈਂਬਰ (ਧੀਆਂ ਅਤੇ ਪੁੱਤਰ) ਹੁੰਦੇ ਹਨ ਜਿਨ੍ਹਾਂ ਦਾ ਅਜੇ ਵਿਆਹ ਨਹੀਂ ਹੋਇਆ ਹੈ। ਪੰਜਾਬ ਵਰਗੇ ਰੂੜ੍ਹੀਵਾਦੀ ਸੂਬੇ ਵਿੱਚ ਲੋਕ ਅਜਿਹੇ ਪਰਿਵਾਰ ਨੂੰ ਵਿਆਹ ਦਾ ਰਿਸ਼ਤਾ ਭੇਜਣ ਤੋਂ ਝਿਜਕਦੇ ਹਨ ਜਿਸ ਪਰਿਵਾਰ 'ਚ ਨਸ਼ਿਆਂ ਦੀ ਸਮੱਸਿਆ ਹੈ।


ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਜਿਹੇ ਮੁੱਦਿਆਂ 'ਤੇ ਢਿੱਲੀ ਪ੍ਰਤੀਕਿਰਿਆ ਦੇਣ ਨਾਲ ਨਸ਼ਿਆਂ ਦੀ ਸਮੱਸਿਆ ਵਿੱਚ ਵਾਧਾ ਹੋਇਆ ਹੈ। ਪੰਜਾਬ ਸਰਕਾਰ ਕੋਲ ਸੂਬੇ ਵਿੱਚ ਵੱਧ ਰਹੀ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਕੋਈ ਨਵੀਂ ਰਣਨੀਤੀ ਨਹੀਂ ਹੈ। ਬਾਜਵਾ ਨੇ ਕਿਹਾ ਕਿ ਸਰਕਾਰ ਉਹ ਰਣਨੀਤੀਆਂ ਅਪਣਾ ਰਹੀ  ਹੈ  ਜੋ ਪਹਿਲਾਂ ਹੀ ਵਰਤੀ ਜਾ ਚੁੱਕੀ ਹੈ ਹਨ ਅਤੇ ਅਸਫਲ ਸਾਬਿਤ ਹੋਈ ਹੈ  


ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ 'ਆਪ' ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਦੇ ਅੰਦਰ ਨਸ਼ਿਆਂ ਦੀ ਸਮੱਸਿਆ ਨੂੰ ਖ਼ਤਮ ਕਰਨ ਦਾ ਸੰਕਲਪ ਲਿਆ ਸੀ। 15 ਅਗਸਤ, 2023 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਇੱਕ ਹੋਰ ਸਾਲ ਦੀ ਮੰਗ ਕੀਤੀ। ਅਜੇ ਤੱਕ ਇਸ ਦਿਸ਼ਾ ਵਿੱਚ ਕੋਈ ਸੁਹਿਰਦ ਕੋਸ਼ਿਸ਼ ਨਹੀਂ ਕੀਤੀ ਗਈ ਹੈ। ਇਸ ਦੌਰਾਨ, 15 ਅਗਸਤ, 2024 ਨੇੜੇ ਹੈ। ਆਓ ਦੇਖੀਏ ਕਿ ਮਾਨ ਕੀ ਨਵਾਂ ਬਹਾਨਾ ਬਣਾਉਂਦੇ ਹਨ।