ਚੰਡੀਗੜ੍ਹ: ਆਮ ਆਮਦੀ ਪਾਰਟੀ ਨੇ ਬਰਗਾੜੀ ਦੇ ਮੁੱਦੇ 'ਤੇ 9 ਜਨਵਰੀ ਨੂੰ ਬਾਦਲ ਤੇ ਕੈਪਟਨ ਦਾ ਕੱਚਾ ਚਿੱਠਾ ਖੋਲ੍ਹਣ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਤੇ ਉਸ ਤੋਂ ਬਾਅਦ ਬਣੇ ਕਮਿਸ਼ਨਾਂ ਦੀਆਂ ਰਿਪੋਰਟਾਂ ਨੂੰ ਬਾਦਲ ਸਰਕਾਰ ਵੱਲੋਂ ਜਨਤਕ ਨਾ ਕਰਨ ਤੇ ਕੈਪਟਨ ਸਰਕਾਰ ਵੱਲੋਂ ਵੀ ਇਸ ਸਬੰਧੀ ਕੋਈ ਕਾਰਵਾਈ ਨਾ ਕਰਨ ਦਾ ਕੱਚਾ ਚਿੱਠਾ 9 ਜਨਵਰੀ ਨੂੰ ਖੋਲ੍ਹਿਆ ਜਾਏਗਾ।
ਮਾਨ ਨੇ ਕਿਹਾ ਕਿ ਬਰਗਾੜੀ ਸਮੇਤ ਵੱਖ-ਵੱਖ ਥਾਵਾਂ 'ਤੇ ਹੋਈਆਂ ਬੇਅਦਬੀਆਂ ਨਾਲ ਸਮੁੱਚੇ ਵਿਸ਼ਵ ਵਿੱਚ ਵੱਸਦੇ ਪੰਜਾਬੀਆਂ ਦੇ ਹਿਰਦੇ ਵਲੂੰਧਰੇ ਗਏ ਸਨ। ਦੋ ਸਾਲ ਤੋਂ ਵੀ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਇਸ ਸਬੰਧੀ ਕੋਈ ਇਨਸਾਫ਼ ਨਹੀਂ ਮਿਲਿਆ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ 9 ਜਨਵਰੀ ਨੂੰ ਤੱਥਾਂ ਸਮੇਤ ਇਸ ਮੁੱਦੇ 'ਤੇ ਬਾਦਲ ਤੇ ਕੈਪਟਨ ਦੀ ਮਿਲੀਭੁਗਤ ਨੂੰ ਲੋਕਾਂ ਸਾਹਮਣੇ ਲਿਆਵੇਗੀ। ਉਨ੍ਹਾਂ ਕਿਹਾ ਕਿ ਇਹ ਮੁੱਦਾ ਅਤਿ ਅੰਤ ਗੰਭੀਰ ਹੈ ਤੇ ਧਰਮ ਦੇ ਠੇਕੇਦਾਰ ਬਣੇ ਬਾਦਲ ਪਰਿਵਾਰ ਤੇ ਉਨ੍ਹਾਂ ਨੂੰ ਬਚਾਉਣ 'ਤੇ ਲੱਗੇ ਕੈਪਟਨ ਅਮਰਿੰਦਰ ਨੂੰ ਇਸ ਸੰਬੰਧੀ ਸਿੱਖ ਕੌਮ ਤੇ ਪੰਜਾਬੀਆਂ ਨੂੰ ਜਵਾਬ ਦੇਣਾ ਪਵੇਗਾ।