ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਚੰਡੀਗੜ੍ਹ ਦੌਰੇ ਮਗਰੋਂ ਪਾਰਟੀ ਦੇ ਏਕੇ ਦੀ ਕਵਾਇਦ ਦਾ ਭੋਗ ਪੈ ਗਿਆ ਹੈ। ਸੂਤਰਾਂ ਮੁਤਾਬਕ ਬਾਗੀ ਸੁਖਪਾਲ ਖਹਿਰਾ ਧੜੇ ਵੱਲੋਂ ਕਿਸੇ ਐਲਾਨ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਉਨ੍ਹਾਂ ਖਿਲਾਫ ਕਾਰਵਾਈ ਕਰ ਸਕਦੀ ਹੈ। ਚਰਚਾ ਹੈ ਕਿ ਸੁਖਪਾਲ ਖਹਿਰਾ ਨੂੰ ਪਾਰਟੀ ਵਿੱਚੋਂ ਮੁਅੱਤਲ ਕੀਤਾ ਜਾ ਸਕਦਾ ਹੈ। ਉਂਝ ਆਮ ਆਦਮੀ ਪਾਰਟੀ ਦੀ ਇਸ ਕਾਰਵਾਈ ਦੇ ਹੁਣ ਕੋਈ ਅਰਥ ਨਹੀਂ ਰਹਿ ਗਏ, ਕਿਉਂਕਿ ਖਹਿਰਾ ਪਹਿਲਾਂ ਹੀ ਪਾਰਟੀ ਤੋਂ ਵੱਖ ਚੱਲ਼ਣ ਦਾ ਸੰਕੇਤ ਦੇ ਚੁੱਕੇ ਹਨ।

ਅੱਜ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਯੂਨਿਟ ਨਾਲ ਬੰਦ ਕਮਰਾ ਮੀਟਿੰਗ ਕੀਤੀ। ਇਸ ਦੌਰਾਨ ਪੰਜਾਬ ਦੇ ਮੁੱਦਿਆਂ 'ਤੇ ਚਰਚਾ ਕੀਤੀ ਗਈ। ਤਕਰੀਬਨ ਇੱਕ ਘੰਟੇ ਦੀ ਮੀਟਿੰਗ ਦੌਰਾਨ ਕੇਜਰੀਵਾਲ ਸਮੇਤ ਦੁਰਗੇਸ਼ ਪਾਠਕ ਮੌਜੂਦ ਸਨ। ਦੂਸਰੇ ਪਾਸੇ ਪੰਜਾਬ ਯੂਨਿਟ ਵੱਲੋਂ ਭਗਵੰਤ ਮਾਨ, ਹਰਪਾਲ ਚੀਮਾ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਸਾਧੂ ਸਿੰਘ ਸਮੇਤ ਲੋਕ ਸਭਾ ਦੇ ਐਲਾਨੇ ਉਮੀਦਵਾਰ ਵੀ ਮੌਜੂਦ ਸਨ। ਕੇਜਰੀਵਾਲ ਨੇ ਮੀਟਿੰਗ ਵਿੱਚ ਖਹਿਰਾ ਧੜੇ ਨੂੰ ਨਹੀਂ ਬੁਲਾਇਆ ਸੀ।

ਇਸ ਮੌਕੇ ਕੇਜਰੀਵਾਲ ਨੂੰ ਜਦੋਂ ਖਹਿਰਾ ਧੜੇ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਜਦੋਂ ਕੋਈ ਵੀ ਐਕਸ਼ਨ ਲਿਆ ਜਾਵੇਗਾ ਤਾਂ ਜ਼ਰੂਰ ਦੱਸਿਆ ਜਾਵੇਗਾ। ਕੇਜਰੀਵਾਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਕੋਈ ਗੱਲ਼ਬਾਤ ਨਹੀਂ ਸਗੋਂ ਐਕਸ਼ਨ ਹੀ ਹੋਏਗਾ। ਪਤਾ ਲੱਗਾ ਹੈ ਕਿ ਪੰਜਾਬ ਦੇ ਲੀਡਰਾਂ ਨੇ ਗੱਲਬਾਤ ਦੀ ਥਾਂ ਸਖਤੀ ਦੀ ਵਕਾਲਤ ਕੀਤੀ ਜਿਸ ਨਾਲ ਕੇਜਰੀਵਾਲ ਸਹਿਮਤ ਹੋ ਗਏ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਕੇਜਰੀਵਾਲ ਨੇ ਐਸਵਾਈਐਲ ਮੁੱਦੇ 'ਤੇ ਆਪਣਾ ਸਟੈਂਡ ਕਲੀਅਰ ਕਰਦਿਆਂ ਕਿਹਾ ਕਿ ਮਾਮਲਾ ਪੰਜਾਬ ਤੇ ਹਰਿਆਣਾ ਰਲ-ਮਿਲ ਕੇ ਸੁਲਝਾ ਸਕਦੇ ਸੀ ਪਰ ਸਿਆਸੀ ਪਾਰਟੀਆਂ ਨੇ ਇਹ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਰਾਜ ਗੱਲਬਾਤ ਨਾਲ ਮਾਮਲਾ ਨਹੀਂ ਸੁਲਝਾ ਸਕਦੇ ਤਾਂ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਹੀ ਚੱਲਣਾ ਠੀਕ ਰਹੇਗਾ।

ਪਰਾਲੀ ਦੇ ਧੂੰਏਂ ਨਾਲ ਦਿੱਲੀ ਵਿੱਚ ਵਧ ਰਹੇ ਪ੍ਰਦੂਸ਼ਣ ਬਾਰੇ ਕੇਜਰੀਵਾਲ ਨੇ ਪੰਜਾਬ ਨੂੰ ਜ਼ਿੰਮੇਵਾਰੀ ਠਹਿਰਾਇਆ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵਧ ਰਿਹਾ ਪ੍ਰਦੂਸ਼ਣ ਪੰਜਾਬ ਵਿੱਚ ਪਰਾਲੀ ਨੂੰ ਅੱਗ ਲੱਗਣ ਕਾਰਨ ਹੈ। ਉਨ੍ਹਾਂ ਨੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅੰਕੜਿਆਂ ਨੂੰ ਵੀ ਗਲਤ ਦੱਸਿਆ ਤੇ ਕਿਹਾ ਕਿ ਦਿੱਲੀ ਵਿੱਚ 25 ਅਕਤੂਬਰ ਨੂੰ ਘੱਟ ਪ੍ਰਦੂਸ਼ਨ ਸੀ ਜੋ 25 ਅਕਤੂਬਰ ਤੋਂ 20 ਨਵੰਬਰ ਤਕ ਕਈ ਗੁਣਾ ਵਧ ਜਾਂਦਾ ਹੈ।