ਅੰਮ੍ਰਿਤਸਰ : ਡਾ. ਇੰਦਰਬੀਰ ਸਿੰਘ ਨਿੱਜਰ ਦਾ ਕੈਬਨਿਟ ਵਜੀਰ ਬਣ ਕੇ ਅੰਮ੍ਰਿਤਸਰ ਪੁੱਜਣ 'ਤੇ ਗੋਲਡਨ ਗੇਟ 'ਤੇ ਆਪ ਵਰਕਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ। ਆਪ ਕਾਰਕੁੰਨਾਂ ਨੇ ਡਾ. ਇੰਦਰਬੀਰ ਸਿੰਘ ਨਿੱਜਰ 'ਤੇ ਫੁੱਲਾਂ ਦੀ ਵਰਖਾ ਕੀਤੀ ਤੇ ਸਨਮਾਨਿਤ ਕੀਤਾ ਹੈ। ਲੋਕਾਂ ਵੱਲੋਂ ਕੀਤੇ ਸਵਾਗਤ 'ਤੇ ਭਾਵੁਕ ਹੁੰਦਿਆਂ ਡਾ. ਨਿੱਜਰ ਨੇ ਕਿਹਾ ਕਿ ਲੋਕਾਂ ਵੱਲੋਂ ਮਿਲੇ ਪਿਆਰ ਨਾਲ ਉਨਾਂ ਦੀਆਂ ਅੱਖਾਂ ਭਰ ਆਈਆਂ ਹਨ। 


ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਬਾਰੇ ਡਾ. ਨਿੱਜਰ ਨੇ ਕਿਹਾ ਕਿ ਉਨਾਂ ਵੱਲੋਂ ਸ਼ਹਿਰ ਬਹੁੱਪੱਖੀ ਵਿਕਾਸ ਕਰਵਾਇਆ ਜਾਵੇਗਾ ਤੇ ਨਾਲ ਹੀ ਸਮੁੱਚੇ ਪੰਜਾਬ ਦੇ ਸ਼ਹਿਰਾਂ ਦਾ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ 'ਚ ਜੇਕਰ ਕਿਸੇ ਨੇ ਕੋਈ ਬੇਨਿਯਮੀ ਕੀਤੀ ਹੋਈ ਹੈ ਉਸ ਦੀ ਬਕਾਇਦਾ ਜਾਂਚ ਕਰਵਾਈ ਜਾਵੇਗੀ। 


 

ਦੱਸ ਦੇਈਏ ਕਿ ਪਿਛਲੇ ਦਿਨ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ, ਖਰੜ ਤੋਂ ਅਨਮੋਲ ਗਗਨ ਮਾਨ, ਸੁਨਾਮ ਤੋਂ ਅਮਨ ਅਰੋੜਾ, ਸਮਾਣਾ ਤੋਂ ਚੇਤਨ ਸਿੰਘ ਜੌੜਾ ਮਾਜਰਾ ਅਤੇ ਗੁਰੂ ਹਰਸਹਾਏ ਤੋਂ ਫੌਜਾ ਸਿੰਘ ਸਰਾਰੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਸੀ। ਡਾ. ਇੰਦਰਬੀਰ ਸਿੰਘ ਨਿੱਜਰ ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਵਿਭਾਗ ਦੀ ਵਾਗਡੋਰ ਸੌਂਪੀ ਗਈ, ਜਿਸ ਨਾਲ ‘ਆਪ’ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ।

 

 ਡਾ. ਇੰਦਰਬੀਰ ਸਿੰਘ ਨਿੱਜਰ ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਉਹ ਚੀਫ਼ ਖਾਲਸਾ ਦੀਵਾਨ ਦੇ ਮੌਜੂਦਾ ਪ੍ਰਧਾਨ ਹਨ। ਉਨ੍ਹਾਂ ਨੂੰ 16ਵੀਂ ਪੰਜਾਬ ਵਿਧਾਨ ਸਭਾ ਦਾ ਪ੍ਰੋਟੈਮ ਸਪੀਕਰ ਨਿਯੁਕਤ ਕੀਤਾ ਗਿਆ ਸੀ।
ਇੰਦਰਬੀਰ ਸਿੰਘ ਨਿੱਝਰ ਨੇ ਸ੍ਰੀਨਗਰ ਤੋਂ ਐੱਮਬੀਬੀਐੱਸ ਕੀਤੀ ਅਤੇ ਅੰਮ੍ਰਿਤਸਰ ਮੈਡੀਕਲ ਕਾਲਜ ਤੋਂ ਉਨ੍ਹਾਂ ਨੇ ਐੱਮਡੀ ਕੀਤੀ ਅਤੇ ਰੇਡਿਓਲੋਜਿਸਟ ਹਨ। ਉਹ ਅੰਮ੍ਰਿਤਸਰ ਵਿਚ ਉਹ ਇੱਕ ਡਾਇਗਨਾਸਟਿਕ ਸੈਂਟਰ ਚਲਾਉਂਦੇ ਸਨ।

 ਡਾ. ਇੰਦਰਬੀਰ ਸਿੰਘ ਨਿੱਜਰ ਦਾ ਪਿਛੋਕੜ ਅਜਨਾਲਾ ਤਹਿਸੀਲ ਤੋਂ ਹੈ। ਉਹ ਡਾਕਟਰੀ ਪੇਸ਼ੇ ਦੇ ਨਾਲ ਨਾਲ ਉਹ ਅਜਨਾਲਾ ਤਹਿਸੀਲ ਉਹਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਸਮਾਜ ਭਲਾਈ ਦੇ ਕੰਮ ਵੀ ਕਰਦੇ ਰਹੇ ਹਨ।
ਪੰਜਾਬ ਵਿਧਾਨ ਸਭਾ 2017 ਵਿੱਚ ਉਹ ਅੰਮ੍ਰਿਤਸਰ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੇ ਸਨ ਪਰ ਉਸ ਵੇਲੇ ਉਹ ਜਿੱਤ ਨਹੀਂ ਸਕੇ ਸਨ। 2022 ਪੰਜਾਬ ਵਿਧਾਨ ਸਭਾ ਦੇ ਚੋਣਾਂ ਵਿੱਚ ਅੰਮ੍ਰਿਤਸਰ ਦੱਖਣੀ ਤੋਂ ਜਿੱਤੇ। ਡਾ. ਨਿੱਝਰ ਦੀਆਂ ਦੋ ਬੇਟੀਆਂ ਦੇ ਪਿਤਾ ਹਨ।