Punjab News: ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ Z+ ਸੁਰੱਖਿਆ ਹਟਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਮਜੀਠੀਆ ਨੇ ਆਪਣੇ ਐਕਸ ‘ਤੇ ਪੋਸਟ ਪਾ ਕੇ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਸਾਰੀਆਂ ਸਾਜਿਸ਼ਾਂ ਨਾਕਾਮ ਹੋ ਗਈਆਂ ਹਨ। ਸੁਰੱਖਿਆ ਹਟਾਉਣ ਤੋਂ ਬਾਅਦ ਤੱਤੇ ਹੋਏ ਮਜੀਠੀਆ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਵਾਂਗ ਗੋਲੀ ਮਰਵਾ ਦਿਓ ਜਾਂ ਸੁਖਬੀਰ ਬਾਦਲ ਦੀ ਤਰ੍ਹਾਂ ਅਟੈਕ ਕਰਵਾ ਦਿਓ। ਗੁਰੂ ਸਾਹਿਬ ਦੀ ਕਿਰਪਾ ਰਹੀ ਤਾਂ ਪੰਜਾਬ ਦੇ ਮੁੱਦੇ ਜ਼ਰੂਰ ਚੁੱਕਾਂਗਾ।

ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਮਜਮੂਨ 'ਚ ਲਿਖਿਆ, ਜਿਹੜੇ ਕਾਂਗਰਸੀ, ਭਾਜਪਾਈ ਅਤੇ ਅਕਾਲੀ ਆਗੂਆਂ ਨੇ ਅੱਜ ਤੱਕ ਕਦੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਏਕਾ ਨਹੀਂ ਕੀਤਾ, ਉਹਨਾਂ ਦਾ ਨਸ਼ਾ ਤਸਕਰੀ ਨਾਲ਼ ਜੁੜੇ 'ਵੱਡੇ ਚਿਹਰਿਆਂ' ਦੀ ਸਿਕਿਉਰਿਟੀ ਘਟਾਏ ਜਾਣ 'ਤੇ ਇਕੱਠੇ ਹੋਣਾ ਦੱਸਦਾ ਹੈ ਕਿ ਇਹ ਸਾਰੇ ਪੰਜਾਬ ਦੀ ਨਸ਼ਾ ਮੁਕਤੀ ਦੀ ਹਾਮੀ ਭਰਨ ਵਾਲ਼ੇ ਲੋਕ ਨਹੀਂ। ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਤਬਾਹ ਕਰਨ ਵਾਲ਼ਿਆਂ ਨਾਲ਼ 'ਆਪ' ਸਰਕਾਰ ਕੋਈ ਲਿਹਾਜ਼ ਨਹੀਂ ਕਰੇਗੀ। 

ਇਸ ਵੀਡੀਓ ਵਿੱਚ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਗਾਤਾਰ ਕਹਿੰਦੀ ਆ ਰਹੀ ਹੈ ਕਿ ਪੰਜਾਬ ਵਿੱਚ ਨਸ਼ੇ ਦੇ ਕਾਰੋਬਾਰ ਵਿੱਚ ਹਰ ਕੋਈ ਬਰਾਬਰ ਸ਼ਾਮਲ ਹੈ। ਅੱਜ, ਜਿਸ ਤਰ੍ਹਾਂ ਤਿੰਨੋਂ ਪਾਰਟੀਆਂ, ਕਾਂਗਰਸ, ਅਕਾਲੀ ਅਤੇ ਭਾਜਪਾ ਇਕੱਠੇ ਹੋ ਕੇ ਦੀ ਸੁਰੱਖਿਆ ਹਟਾਉਣ ਦੀ ਗੱਲ ਕਰ ਰਹੀਆਂ ਹਨ, ਉਹ ਕਦੇ ਵੀ ਪੰਜਾਬੀਆਂ ਦੇ ਹੱਕਾਂ ਲਈ ਇਕੱਠੇ ਨਹੀਂ ਹੋਈਆਂ। ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਤਿੰਨੋਂ ਪਾਰਟੀਆਂ ਪੰਜਾਬ ਵਿੱਚੋਂ ਨਸ਼ਾ ਖਤਮ ਹੁੰਦਾ ਨਹੀਂ ਦੇਖਣਾ ਚਾਹੁੰਦੀਆਂ। 

ਅੱਜ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਇੱਕ ਵੱਡੀ ਜੰਗ ਚੱਲ ਰਹੀ ਹੈ ਤੇ ਉਸ ਵਿਅਕਤੀ ਨੂੰ ਪ੍ਰਧਾਨ ਮੰਤਰੀ ਪੱਧਰ ਦੀ ਸੁਰੱਖਿਆ ਦਿੱਤੀ ਗਈ ਸੀ। ਕੀ ਇਹ ਸਹੀ ਸੀ ? ਕਾਂਗਰਸ ਅਤੇ ਭਾਜਪਾ ਨੂੰ ਉਸ ਵਿਅਕਤੀ ਨਾਲ ਇੰਨੀ ਹਮਦਰਦੀ ਕਿਉਂ ਹੈ ਜਿਸਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਤੇ ਇੰਨੇ ਸਾਰੇ ਘਰ ਬਰਬਾਦ ਕਰ ਦਿੱਤੇ ? ਨਸ਼ਿਆਂ ਵਿਰੁੱਧ ਸਾਡੀ ਕਾਰਵਾਈ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿੰਨਾ ਵੀ ਵੱਡਾ ਵਿਅਕਤੀ ਕਿਉਂ ਨਾ ਹੋਵੇ।